ਡਿਪਟੀ ਕਮਿਸ਼ਨਰ ਵੱਲੋਂ ਰਾਜਿੰਦਰਾ ਝੀਲ ਦਾ ਦੌਰਾ, ਪਾਣੀ ਪੱਕੇ ਤੌਰ ‘ਤੇ ਭਰਨ ਲਈ ਮਾਹਰਾਂ ਦੀ ਕਮੇਟੀ ਗਠਿਤ

ਪਟਿਆਲਾ, 5 ਮਾਰਚ (ਆਪਣਾ ਪੰਜਾਬੀ ਡੈਸਕ):  ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਪਟਿਆਲਾ ਦੀ ਵਿਰਾਸਤੀ ਰਾਜਿੰਦਰਾ ਝੀਲ ਦਾ ਦੌਰਾ ਕਰਕੇ ਇਸ ਵਿੱਚ ਭਰੇ ਜਾ ਰਹੇ ਪਾਣੀ ਤੇ ਚੱਲ ਰਹੇ ਫੁਆਰਿਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਝੀਲ ਵਿੱਚ ਪਾਣੀ ਪੱਕੇ ਤੌਰ ‘ਤੇ ਭਰਕੇ ਰੱਖਣ ਲਈ ਮਾਹਰਾਂ ਦੀ ਕਮੇਟੀ ਦਾ ਗਠਨ ਵੀ ਕੀਤਾ ਹੈ। ਇਸ ਵਿਚ ਮੱਛੀ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸਮੇਤ ਪੰਜਾਬੀ ਯੂਨੀਵਰਸਿਟੀ ਦੇ ਬਾਟਨੀ ਵਿਭਾਗ ਦੇ ਪ੍ਰੋਫੈਸਰ ਡਾ. ਮਨੀਸ਼ ਕਪੂਰ ਜੋ ਕਿ ਸੀ.ਆਰ.ਈ.ਐਸ.ਪੀ. ਦੇ ਕੋਆਰਡੀਨੇਟਰ ਵੀ ਹਨ, ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜਿੰਦਰਾ ਝੀਲ ਵਿੱਚ ਪਾਣੀ ਭਰਿਆ ਜਾ ਰਿਹਾ ਹੈ ਤੇ ਫੁਹਾਰੇ ਵੀ ਚਲਾ ਦਿੱਤੇ ਗਏ ਹਨ ਪ੍ਰੰਤੂ ਪਾਣੀ ਨੂੰ ਇਸ ਵਿੱਚ ਪੱਕੇ ਤੌਰ ‘ਤੇ ਭਰਕੇ ਰੱਖਣ ਲਈ ਮਾਹਰਾਂ ਦੀ ਰਾਇ ਲਈ ਜਾਵੇਗੀ ਤਾਂ ਕਿ ਜਿੰਨਾ ਪਾਣੀ ਇਸ ਝੀਲ ਵਿੱਚ ਭਰਿਆ ਜਾ ਰਿਹਾ ਹੈ, ਉਹ ਨਾਲ ਦੀ ਨਾਲ ਜਮੀਨਦੋਜ਼ ਨਾ ਹੋਵੇ ਅਤੇ ਇਸ ਵਿੱਚ ਬੂਟੀ ਵੀ ਪੈਦਾ ਨਾ ਹੋਵੇ।
ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਰਾਜਿੰਦਰਾ ਟੈਂਕ ਦੀ ਸਾਫ਼-ਸਫ਼ਾਈ ਪੱਕੇ ਤੌਰ ‘ਤੇ ਕੀਤੇ ਜਾਣ ਸਮੇਤ ਇਸ ਨੂੰ ਸੈਲਾਨੀਆਂ ਤੇ ਸ਼ਹਿਰ ਵਾਸੀਆਂ ਲਈ ਸਥਾਈ ਤੌਰ ‘ਤੇ ਇੱਕ ਸੁੰਦਰ ਸੈਰਗਾਹ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਨੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ, ਜਲ ਨਿਕਾਸ ਦੇ ਕਾਰਜਕਾਰੀ ਇੰਜੀਨੀਅਰ ਰਾਜਿੰਦਰ ਘਈ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ, ਮੱਛੀ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਮਜੀਤ ਸਿੰਘ, ਡੀ.ਡੀ.ਐਫ. ਨਿਧੀ ਮਲਹੋਤਰਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਝੀਲ ਕੰਪਲੈਕਸ ਦੀ ਸੁੰਦਰਤਾ, ਸੁਰੱਖਿਆ ਤੇ ਹੋਰ ਪ੍ਰਬੰਧਾਂ ਸਮੇਤ ਝੀਲ ਕੰਪਲੈਕਸ ਨੂੰ ਸੈਲਾਨੀਆਂ ਤੇ ਸ਼ਹਿਰ ਵਾਸੀਆਂ ਲਈ ਸੈਰਗਾਹ ਵਜੋਂ ਵਿਕਸਤ ਕਰਨ ‘ਤੇ ਚਰਚਾ ਕੀਤੀ।

Leave a Reply

Your email address will not be published. Required fields are marked *