-ਕਿਹਾ, 5 ਸਾਲ ਤੱਕ ਦੇ 14,75,878 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ
-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਭਵਿੱਖ ਦੇ ਨਾਗਰਿਕਾਂ ਦੀ ਸਿਹਤ ਨੂੰ ਸੁਰੱਖਿਅਤ ਕਰਨ ਲਈ ਯਤਨਸ਼ੀਲ
ਪਟਿਆਲਾ, 10 ਦਸੰਬਰ:
ਆਪਣੇ ਭਵਿੱਖ ਦੇ ਨਾਗਰਿਕਾਂ ਦੀ ਸਿਹਤ ਨੂੰ ਸੁਰੱਖਿਅਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ, ਅਜਿਹੇ ਹੀ ਇੱਕ ਕਦਮ ਤਹਿਤ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਕਮਿਊਨਿਟੀ ਹੈਲਥ ਸੈਂਟਰ, ਤ੍ਰਿਪੜੀ ਵਿਖੇ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ।
ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਤੋਂ ਬਾਅਦ ਡਾ. ਬਲਬੀਰ ਸਿੰਘ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੋਲੀਓ ਦੀ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਇਸ ਸਾਲ ਦੇ ਸਬ ਨੈਸ਼ਨਲ ਇਮੁਨਾਈਜੇਸ਼ਨ ਦਿਵਸ ਪਲਸ ਪੋਲੀਓ ਪ੍ਰੋਗਰਾਮ ਅਧੀਨ ‘ਦੋ ਬੂੰਦਾਂ ਜਿੰਦਗੀ ਦੀਆਂ’ ਹਰੇਕ ਬੱਚੇ ਤੱਕ ਲਾਜਮੀ ਪਹੁੰਚਣੀਆਂ ਚਾਹੀਦੀਆਂ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਹਾਲਾਂਕਿ “ਸਾਡਾ ਦੇਸ਼ ਪਹਿਲਾਂ ਹੀ ਪੋਲੀਓ ਮੁਕਤ ਹੈ, ਤੇ 2010 ਤੋਂ ਬਾਅਦ ਪੰਜਾਬ ਵਿੱਚ ਵੀ ਕੋਈ ਕੇਸ ਨਹੀਂ ਅਇਆ, ਪਰੰਤੂ ਇਸ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੋਲੀਓ ਰੋਕੂ ਮੁਹਿੰਮ ਬਹੁਤ ਲਾਜ਼ਮੀ ਹੈ ਕਿਉਂਕਿ ਅਜੇ ਵੀ ਪੋਲੀਓ ਦੀ ਮਹਾਂਮਾਰੀ ਅਧੀਨ ਸਾਡੇ ਗੁਆਂਢੀ ਦੇਸ਼, ਪਾਕਿਸਤਾਨ ਤੇ ਅਫਗਾਨਿਸਤਾਨ ਆਦਿ ਤੋਂ ਪੋਲੀਓ ਵਾਇਰਸ ਦੇ ਇੱਧਰ ਆਉਣ ਦਾ ਖ਼ਤਰਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਇਹ ਉਪ ਰਾਸ਼ਟਰੀ ਟੀਕਾਕਰਨ ਦਿਵਸ (ਐਸ.ਐਨ.ਆਈ.ਡੀ.) ਪਲਸ ਪੋਲੀਓ ਰਾਊਂਡ 10 ਦਸੰਬਰ 2023 ਤੋਂ 12 ਦਸੰਬਰ 2023 ਤੱਕ 12 ਜ਼ਿਲ੍ਹਿਆਂ (ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਪਠਾਨਕੋਟ, ਪਟਿਆਲਾ, ਐਸ.ਬੀ.ਐਸ. ਨਗਰ ਅਤੇ ਤਰਨਤਾਰਨ) ਵਿੱਚ ਚੱਲੇਗਾ। ਜਦਕਿ ਪਰਵਾਸੀ ਆਬਾਦੀ ਵਾਲੇ ਉੱਚ-ਜੋਖਮ ਵਾਲੇ ਖੇਤਰ ਜਿਵੇਂ ਕਿ ਇੱਟਾਂ ਦੇ ਭੱਠਿਆਂ, ਨਿਰਮਾਣ ਸਥਾਨਾਂ, ਝੁੱਗੀਆਂ ਅਤੇ ਬਸਤੀਆਂ ਨੂੰ ਵਿਸ਼ੇਸ਼ ਧਿਆਨ ਵਿੱਚ ਰੱਖਿਆ ਜਾਵੇਗਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਾਵੇਂ ਸਿਹਤ ਟੀਮਾਂ ਵੱਲੋਂ ਹਰੇਕ ਬੱਚੇ ਨੂੰ ਪਲਸ ਪੋਲੀਓ ਦੀ ਇਸ ਮੁਹਿੰਮ ਦੌਰਾਨ ਘਰ-ਘਰ ਜਾ ਕੇ ਦੋ ਬੂੰਦਾਂ ਜਿੰਦਗੀ ਦੀਆਂ ਪਿਲਾਈਆਂ ਜਾਣਗੀਅਆ ਪਰ ਫਿਰ ਵੀ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸਾਰੇ ਮਾਪਿਆਂ/ਸਰਪ੍ਰਸਤਾਂ ਨੂੰ ਅਪੀਲ ਹੈ ਕਿ ਉਹ ਆਪਣੇ ਬੱਚੇ ਨੂੰ ਨਜ਼ਦੀਕੀ ਪੋਲੀਓ ਬੂਥ ‘ਤੇ ਜਾਕੇ ਪੋਲੀਓ ਵੈਕਸੀਨ ਦੀਆਂ ਬੂੰਦਾਂ ਜਰੂਰ ਪਿਲਾਉਣ ਤਾਂ ਜੋ ਕੋਈ ਵੀ ਬੱਚਾ ਇਸ ਮੁਹਿੰਮ ਤੋਂ ਖੁੰਝ ਨਾ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੀ ਭਰੋਸਾ ਦਿਵਾਇਆ ਕਿ ਉਨ੍ਹਾਂ ਨੇ ਇਸ ਟੀਕਾਕਰਨ ਮੁਹਿੰਮ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਸਬੰਧਤ ਵਿਭਾਗਾਂ ਨੂੰ ਸੰਯੁਕਤ ਉਪਰਾਲੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਜਿਲ੍ਹੇ ਅੰਦਰ 180402 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ 921 ਬੂਥ, 1842 ਟੀਮਾਂ, 25 ਮੋਬਾਇਲ ਟੀਮਾਂ, 32 ਟਰਾਂਜਿਟ ਪੁਆਇੰਟਸ 391350 ਘਰਾਂ ਤੇ ਸਾਰੇ ਭੱਠਿਆਂ ਤੇ ਉਸਾਰੀ ਥਾਵਾਂ ਨੂੰ ਕਵਰ ਕਰਨਗੀਆਂ।
ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦੀ ਸਫ਼ਲਤਾ ਲਈ ਹਰ ਤਰ੍ਹਾਂ ਦੀ ਲੋੜ ਪੂਰੀ ਕੀਤੀ ਜਾ ਰਹੀ ਹੈ ਅਤੇ ਸਿਹਤ ਵਿਭਾਗ ਵੱਲੋਂ ਲਗਭਗ 25000 ਕਰਮਚਾਰੀ ਜਿਨ੍ਹਾਂ ਵਿੱਚ ਆਸ਼ਾ, ਆਂਗਣਵਾੜੀ ਵਰਕਰਾਂ, ਏ.ਐਨ.ਐਮਜ਼ ਆਦਿ ਸ਼ਾਮਲ ਹਨ, ਨੂੰ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਪੰਜ ਸਾਲ ਤੱਕ ਦੀ ਉਮਰ ਦੇ 14 ਲੱਖ 75 ਹਜਾਰ 878 ਦੇ ਬੱਚਿਆਂ ਨੂੰ ਬੂੰਦਾਂ ਪਿਲਾਉਣ ਲਈ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਐਕਿਊਟ ਫਲੈਕਸਿਡ ਅਧਰੰਗ (ਏਐਫਪੀ) ਦੀ ਨਿਗਰਾਨੀ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ ਕਿਉਂਕਿ ਏਐਫਪੀ ਦਾ ਹਰੇਕ ਕੇਸ ਪੋਲੀਓ ਨਿਗਰਾਨੀ ਪ੍ਰਣਾਲੀ ਲਈ ਇੱਕ ਸੰਕੇਤ ਵਜੋਂ ਕੰਮ ਕਰਦਾ ਹੈ ਕਿ ਕਿੱਥੇ ਪੋਲੀਓ ਫੈਲ ਰਿਹਾ ਹੈ ਅਤੇ ਕਿਸਦੀ ਇਸ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਦਾ ਪਤਾ ਇਸ ਤੋਂ ਲੱਗ ਜਾਂਦਾ ਹੈ।
ਸਮਾਰੋਹ ਦੌਰਾਨ ਆਈ.ਐਮ.ਏ ਦੇ ਪ੍ਰਧਾਨ ਡਾ. ਭਗਵੰਤ ਸਿੰਘ, ਸਿਵਲ ਸਰਜਨ ਡਾ. ਰਮਿੰਦਰ ਕੌਰ, ਸਟੇਟ ਇਮਯੂਨਾਈਜੇਸ਼ਨ ਅਫ਼ਸਰ ਡਾ. ਬਲਵਿੰਦਰ ਕੌਰ, ਐਸ.ਐਮ.ਓ ਡਬਲਿਊ.ਐਚ.ਓ ਡਾ. ਵਿਕਰਮ ਗੁਪਤਾ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਪ੍ਰੀਤ ਕੌਰ, ਸਮੇਤ ਕਰਨਲ ਜੇਵੀ,ਪਰਦੀਪ ਜੋਸ਼ਨ, ਜਸਬੀਰ ਸਿੰਘ ਗਾਂਧੀ, ਮੇਜਰ ਆਰ ਪੀ ਐਸ ਮਲਹੋਤਰਾ, ਹਰੀ ਚੰਦ ਬਾਂਸਲ, ਦਵਿੰਦਰ ਕੌਰ, ਲਾਲ ਸਿੰਘ ਤੇ ਮਨਦੀਪ ਵਿਰਦੀ ਆਦਿ ਵੀ ਹਾਜ਼ਰ ਸਨ।