ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਪਲਸ ਪੋਲੀਓ ਮੁਹਿੰਮ ਦਾ ਪੋਸਟਰ ਜਾਰੀ ਕਰਦੇ ਹੋਏ।

ਪਟਿਆਲਾ, 27 ਫਰਵਰੀ(ਆਪਣਾ ਪੰਜਾਬੀ ਡੈਸਕ):  ਪਟਿਆਲਾ ਜ਼ਿਲ੍ਹੇ ਵਿੱਚ 3 ਤੋਂ 5 ਮਾਰਚ ਤੱਕ ਤਿੰਨ ਦਿਨਾਂ ਪਲਸ ਪੋਲੀਓ ਮੁਹਿੰਮ ਚਲਾਈ ਜਾਵੇਗੀ। ਜਿਸ ਤਹਿਤ 0 ਤੋਂ 05 ਸਾਲ ਤੱਕ ਦੇ 1 ਲੱਖ 83 ਹਜ਼ਾਰ 478 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਕਿਹਾ ਕਿ 0 ਤੋਂ 5 ਸਾਲ ਤੱਕ ਦੇ ਹਰੇਕ ਬੱਚੇ ਨੂੰ ਪਲਸ ਪੋਲੀਓ ਬੂੰਦਾਂ ਪਿਲਾਉਣ ਲਈ ਜ਼ਿਲ੍ਹੇ ਦਾ ਮਾਈਕਰੋ ਪਲਾਨ ਤਿਆਰ ਕੀਤਾ ਗਿਆ ਹੈ ਤੇ ਉਨ੍ਹਾਂ ਹਰੇਕ ਵਿਭਾਗ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ ਤਾਂ ਜੋ ਇਸ ਵੱਡੇ ਕਾਰਜ ਨੂੰ ਸਫਲਤਾ ਨਾਲ ਨੇਪਰੇ ਚੜਾਇਆ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਲਸ ਪੋਲੀਓ ਜਾਗਰੂਕਤਾ ਦਾ ਪੋਸਟਰ ਵੀ ਜਾਰੀ ਕੀਤਾ।
ਮੀਟਿੰਗ ‘ਚ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਜ਼ਿਲ੍ਹੇ ਦੇ ਐਸ.ਐਮ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਖੇਤਰ ਵਿੱਚ ਆਰਜ਼ੀ ਰਿਹਾਇਸ਼ ਵਾਲੇ ਪਰਿਵਾਰਾਂ ਦੀ ਵੀ ਪਹਿਚਾਣ ਕਰਨ ਤਾਂ ਜੋ ਉਨ੍ਹਾਂ ਦੇ 5 ਸਾਲ ਤੱਕ ਦੇ ਬੱਚਿਆਂ ਨੂੰ ਕਵਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਪਿੰਡਾਂ ਵਿੱਚ ਅਤੇ ਸਿਹਤ ਵਿਭਾਗ ਸਬੰਧਤ ਵਿਭਾਗਾਂ ਨਾਲ ਰਾਬਤਾ ਕਰਕੇ ਬੱਸ ਸਟੇਂਡ, ਰੇਲਵੇ ਸਟੇਸ਼ਨ ਆਦਿ ਵਿਖੇ ਪਲਸ ਪੋਲੀਓ ਸਬੰਧੀ ਅਨਾਊਂਸਮੈਂਟ ਕਰਵਾਉਣਾ ਯਕੀਨੀ ਬਣਾਉਣ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਐਕਸ਼ਨ ਪਲਾਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਦੀਆਂ 1844 ਟੀਮਾਂ ਵੱਲੋਂ ਪਲਸ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ 25 ਮੋਬਾਇਲ ਟੀਮਾਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ਜਿਵੇਂ ਕਿ ਭੱਠਿਆਂ, ਸੜਕਾਂ ਕਿਨਾਰੇ ਮਜ਼ਦੂਰੀ ਕਰਦੇ, ਫਾਰਮ ਹਾਊਸ, ਫੈਕਟਰੀਆਂ ਅਤੇ ਹੋਰ ਜਨਤਕ ਸਥਾਨਾਂ ‘ਤੇ ਬੱਚਿਆਂ ਨੂੰ ਪੋਲੀਓ ਰੱਖਿਅਕ ਬੂੰਦਾਂ ਪਿਲਾਉਣਗੀਆਂ ਜਦਕਿ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਮੰਦਿਰ ਅਤੇ ਗੁਰਦੁਆਰਿਆਂ ਵਿੱਚ 32 ਟਰਾਜਿਟ ਟੀਮਾਂ ਪਲਸ ਪੋਲੀਓ ਬੂੰਦਾਂ ਪਿਲਾਉਣਗੀਆਂ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਦੀ ਨਿਗਰਾਨੀ ਲਈ 194 ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਗਏ ਹਨ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਜ਼ਿਲ੍ਹੇ ਵਿੱਚ 3 ਮਾਰਚ ਨੂੰ 922 ਬੂਥ ਬਣਾਏ ਜਾਣਗੇ ਅਤੇ ਜਿਹੜੇ ਬੱਚੇ ਐਤਵਾਰ ਨੂੰ ਕਿਸੇ ਕਾਰਨ ਦਵਾਈ ਪੀਣ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਨੂੰ 4 ਤੇ 5 ਮਾਰਚ ਨੂੰ ਸਿਹਤ ਵਿਭਾਗਾਂ ਦੀਆਂ 1844 ਟੀਮਾਂ ਵੱਲੋਂ ਘਰਾਂ ਵਿੱਚ ਜਾਕੇ ਪੋਲੀਓ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।
ਮੀਟਿੰਗ ਵਿੱਚ ਏ.ਡੀ.ਸੀ. ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਨਾਭਾ ਤਰਸੇਮ ਚੰਦ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਅਮਨਦੀਪ ਕੌਰ, ਡਾ. ਗੁਰਪ੍ਰੀਤ ਨਾਗਰਾ, ਡਾ. ਸ਼ੈਲੀ ਜੇਤਲੀ ਸਮੇਤ ਸਿੱਖਿਆ, ਸਿਹਤ, ਪੁਲਿਸ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ।
ਕੈਪਸ਼ਨ: ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਲਸ ਪੋਲੀਓ ਮੁਹਿੰਮ ਸਬੰਧੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।

Leave a Reply

Your email address will not be published. Required fields are marked *