ਅੰਤਰ ਪੌਲੀਟੈਕਨਿਕ ਯੁਵਕ ਮੇਲੇ ਦੇ ਦੂਸਰੇ ਦਿਨ ਕੋਰੀਉਗਰਾਫ਼ੀ ਅਤੇ ਗਿੱਧੇ ਦੀਆਂ ਹੋਈਆਂ ਪੇਸ਼ਕਾਰੀਆਂ

ਪਟਿਆਲਾ, 22 ਫਰਵਰੀ (ਆਪਣਾ ਪੰਜਾਬੀ ਡੈਸਕ):   ਪੰਜਾਬ ਰਾਜ ਅੰਤਰ ਪੌਲੀਟੈਕਨਿਕ ਯੁਵਕ ਮੇਲਾ ਜੋ ਕਿ ਪੰਜਾਬ ਤਕਨੀਕੀ ਸੰਸਥਾਵਾਂ (ਖੇਡਾਂ) ਦੇ ਬੈਨਰ ਹੇਠ ਸਰਕਾਰੀ ਪੌਲੀਟੈਕਨਿਕ ਕਾਲਜ ਦੀ ਮੇਜ਼ਬਾਨੀ ਵਿੱਚ ਚੱਲ ਰਿਹਾ ਹੈ, ਵਿੱਚ ਲੋਕ ਗੀਤ, ਕੋਰੀਉਗਰਾਫ਼ੀ ਅਤੇ ਗਿੱਧਿਆਂ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਅੱਜ ਇਸ ਮੇਲੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।
ਵਿਭਾਗ ਦੇ ਵਧੀਕ ਡਾਇਰੈਕਟਰ ਅਤੇ ਪੀ.ਟੀ.ਆਈ.ਐਸ. ਦੇ ਪੈਟਰਨ ਮੋਹਨਵੀਰ ਸਿੰਘ ਦੀ ਰਹਿਨੁਮਾਈ ਵਿੱਚ ਚੱਲ ਰਹੇ ਯੁਵਕ ਮੇਲੇ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਕਿਹਾ ਕਿ ਇਸ ਵਰ੍ਹੇ ਦਾ ਯੁਵਕ ਮੇਲਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਸਮਰਪਿਤ ਹੈ।
ਪੀ.ਟੀ.ਆਈ.ਐਸ. ਦੇ ਪ੍ਰਧਾਨ ਪਰਮਵੀਰ ਸਿੰਘ ਮੱਤੇਵਾਲ ਨੇ ਦੱਸਿਆ ਕਿ ਅੱਜ ਦੇ ਮੇਲੇ ਦੌਰਾਨ 25 ਤੋਂ ਵਧੇਰੇ ਕਾਲਜਾਂ ਦੇ 400 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਲੋਕ ਗੀਤ ਦੇ ਲੜਕੀਆਂ ਦੇ ਮੁਕਾਬਲੇ ਵਿੱਚ ਸਰਕਾਰੀ ਪੌਲੀਟੈਕਨਿਕ ਪਟਿਆਲਾ ਨੇ ਪਹਿਲਾ, ਦੂਜੇ ਸਥਾਨ ’ਤੇ ਸਰਕਾਰੀ ਪੌਲੀਟੈਕਨਿਕ ਲੁਧਿਆਣਾ ਤੇ ਰੂਪਨਗਰ ਅਤੇ ਤੀਜਾ ਸਥਾਨ ਸਰਕਾਰੀ ਪੌਲੀਟੈਕਨਿਕ ਕਾਲਜ ਹੁਸ਼ਿਆਰਪੁਰ ਤੇ ਸਰਕਾਰੀ ਪੌਲੀਟੈਕਨਿਕ ਕਾਲਜ ਅੰਮ੍ਰਿਤਸਰ ਨੇ ਪ੍ਰਾਪਤ ਕੀਤਾ। ਲੜਕਿਆਂ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ ਰਣਵਾਂ ਨੇ ਪਹਿਲਾ, ਮਾਈ ਬਧਾਨੀ ਅਤੇ ਅੰਮ੍ਰਿਤਸਰ ਨੇ ਦੂਜਾ, ਸਰਕਾਰੀ ਪੌਲੀਟੈਕਨਿਕ ਖੂਨੀਮਾਜਰਾ ਨੇ ਤੀਸਰਾ ਸਥਾਨ ਹਾਸਲ ਕੀਤਾ।
ਕੋਰੀਉਗਰਾਫ਼ੀ ’ਚੋਂ ਸਰਕਾਰੀ ਪੌਲੀਟੈਕਨਿਕ ਲੁਧਿਆਣਾ ਨੇ ਪਹਿਲਾ ਸਥਾਨ, ਮੇਹਰ ਚੰਦ ਪੌਲੀਟੈਕਨਿਕ ਜਲੰਧਰ ਦੂਸਰਾ ਅਤੇ ਸਰਕਾਰੀ ਪੌਲੀਟੈਕਨਿਕ ਪਟਿਆਲਾ ਤੇ ਅੰਮ੍ਰਿਤਸਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਸ ਮੌਕੇ ਪ੍ਰਿੰਸੀਪਲ ਜਗਦੇਵ ਸਿੰਘ ਕਾਲੇਕਾ, ਪ੍ਰਿੰਸੀਪਲ ਸੁਰੇਸ਼ ਕੁਮਾਰ, ਪ੍ਰਿੰਸੀਪਲ ਸੰਦੀਪ ਸਿੰਗਲਾ, ਪ੍ਰਿੰਸੀਪਲ ਰਚਨਾ ਕੌਰ, ਸਾਬਕਾ ਪ੍ਰਿੰਸੀਪਲ ਯਾਦਵਿੰਦਰ ਸਿੰਘ, ਪੀ.ਟੀ.ਆਈ.ਐਸ. ਦੇ ਕੋਆਰਡੀਨੇਟਰ ਨਵਦੀਪ ਸਿੰਘ, ਹਰਜੀਤ ਪਾਲ ਸਿੰਘ, ਆਰਗੇਨਾਈਜ਼ੇਸ਼ਨ ਸਕੱਤਰ ਯਸ਼ਪਾਲ ਪਠਾਣੀਆਂ, ਰਾਮ ਸਰੂਪ ਸਕੱਤਰ ਪੀ.ਟੀ.ਆਈ. ਐਸ. ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਵਰਕਿੰਗ ਕਮੇਟੀ ਮੈਂਬਰ, ਪ੍ਰੋ. ਨਰਿੰਦਰ ਸਿੰਘ ਢੀਂਡਸਾ ਮੌਜੂਦ ਸਨ।
ਇਸ ਮੇਲੇ ਵਿੱਚ ਲੋਕ ਬੋਲੀਆਂ ਦੇ ਬਾਦਸ਼ਾਹ ਪਾਲ ਸਿੰਘ ਸਰਾਓ, ਡਾ. ਪ੍ਰਭਸ਼ਰਨ ਕੌਰ, ਹਰਦੀਪ ਗਿੱਲ (ਸ਼ਹਿਰ ਪਟਿਆਲਾ), ਹਰਜੀਤ ਗੁੱਡੂ ਨੇ ਵੀ ਖੂਬ ਰੌਣਕਾਂ ਲਾਈਆਂ। ਮੰਚ ਸੰਚਾਲਣ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅਨਟਾਲ, ਅਮਨਪ੍ਰੀਤ ਕੌਰ, ਜਸਪ੍ਰੀਤ ਸਿੰਘ ਨੇ ਕੀਤਾ। ਕਾਲਜ ਦੇ ਪ੍ਰਧਾਨ ਵਿਦਿਆਰਥੀ ਮਾਮਲੇ ਹਰਮੇਲ ਸਿੰਘ ਚਹਿਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *