ਪਟਿਆਲਾ ਹੈਰੀਟੇਜ ਫੈਸਟੀਵਲ ਦੇ ਦੂਜੇ ਗੁਲਦਾਉਦੀ ਸ਼ੋਅ ਤੇ ਅਮਰੂਦ ਮੇਲੇ ਦਾ ਪੋਸਟਰ ਜਾਰੀ

-ਬਾਰਾਂਦਰੀ ਬਾਗ ‘ਚ 15 ਦਸੰਬਰ ਨੂੰ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਕਰਨਗੇ ਉਦਘਾਟਨ-ਸਾਕਸ਼ੀ ਸਾਹਨੀ
-ਕਿਹਾ, ਗੁਲਦਾਉਦੀ ਤੇ ਅਮਰੂਦ ਦੀਆਂ ਵੱਖੋ-ਵੱਖ ਕਿਸਮਾਂ ਦੀ ਲੱਗੇਗੀ ਨੁਮਾਇਸ਼
-ਵਿਰਾਸਤੀ ਖਾਣੇ, ਆਰਗੈਨਿਕ ਤੇ ਅਮਰੂਦ ਤੋਂ ਬਣੀਆਂ ਵਸਤਾਂ ਸਮੇਤ ਬੱਚਿਆਂ ਦਾ ਕੋਨਾ ਹੋਵੇਗਾ ਖਿਚ ਦਾ ਕੇਂਦਰ
ਪਟਿਆਲਾ, 30 ਨਵੰਬਰ:
ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਵਾਲੇ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤ ਵਜੋਂ ਦੂਜੇ ਗੁਲਦਾਉਦੀ ਸ਼ੋਅ ਅਤੇ ਅਮਰੂਦ ਮੇਲੇ ਦਾ ਪੋਸਟਰ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜਾਰੀ ਕੀਤਾ।ਉਨ੍ਹਾਂ ਦੱਸਿਆ ਕਿ ਇਸ ਦੋ ਦਿਨਾਂ ਮੇਲੇ ਦਾ ਉਦਘਾਟਨ ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ 15 ਦਸੰਬਰ ਨੂੰ ਇੱਥੇ ਬਾਰਾਂਦਰੀ ਬਾਗ ਵਿਖੇ ਕਰਨਗੇ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਲੋਕ ਕਲਾਵਾਂ, ਲੋਕ ਮੇਲਿਆਂ ਅਤੇ ਪੰਜਾਬ ਦੀ ਵਿਰਾਸਤ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਅਰੰਭੇ ਹਨ, ਇਸ ਤਹਿਤ ਪਟਿਆਲਾ ਵਿਖੇ ਇਹ ਮੇਲਾ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 15 ਤੇ 16 ਦਸੰਬਰ ਨੂੰ ਬਾਰਾਂਦਰੀ ਦੇ ਚਿਲਡਰਨ ਪਾਰਕ ਵਿਖੇ ਬਾਗਬਾਨ ਫੁੱਲਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ‘ਚ ਐਂਟਰੀਆਂ ਦਰਜ ਕਰਵਾਉਣਗੇ, ਜਿਨ੍ਹਾਂ ‘ਚੋਂ ਉਤਮ ਕਿਸਮ ਦੇ ਫੁੱਲਾਂ ਦੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਜਦੋਂਕਿ ਅਮਰੂਦ ਮੇਲੇ ‘ਚ ਬਾਗਬਾਨ ਅਮਰੂਦ ਦੀਆਂ ਵੱਖ-ਵੱਖ ਕਿਸਮਾਂ ਸਮੇਤ ਅਮਰੂਦ ਤੋਂ ਬਣੇ ਪਦਾਰਥਾਂ ਦੀ ਦਿਲਕਸ਼ ਨੁਮਾਇਸ਼ ਲਗਾਉਣਗੇ।
ਇਸ ਮੇਲੇ ‘ਚ ਖਾਣ-ਪੀਣ ਦੀਆਂ ਵਸਤਾਂ ਦੀਆਂ ਸਟਾਲਾਂ, ਆਰਗੈਨਿਕ ਖਾਣੇ, ਅਮਰੂਦ ਤੋਂ ਬਣੀ ਬਰਫ਼ੀ, ਜੈਮ ਤੇ ਹੋਰ ਪਦਾਰਥਾਂ ਸਮੇਤ ਵੱਖ-ਵੱਖ ਖੇਤੀ ਤੇ ਬਾਗਬਾਨੀ ਉਤਪਾਦਾਂ ਦੀਆਂ ਸਟਾਲਾਂ ਤੋਂ ਇਲਾਵਾ ਬੱਚਿਆਂ ਲਈ ਵਿਸ਼ੇਸ਼ ਕੋਨਾ ਖਿਚ ਦਾ ਕੇਂਦਰ ਹੋਵੇਗਾ। ਇਸ ਮੌਕੇ ਏ.ਡੀ.ਸੀ. ਅਨੁਪ੍ਰਿਤਾ ਜੌਹਲ, ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਨਰਿੰਦਰਬੀਰ ਸਿੰਘ ਮਾਨ, ਸਹਾਇਕ ਡਾਇਰੈਕਟਰ ਸੰਦੀਪ ਸਿੰਘ ਗਰੇਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਮਨਦੀਪ ਕੌਰ, ਬਾਗਬਾਨੀ ਵਿਕਾਸ ਅਫ਼ਸਰ ਕੁਲਵਿੰਦਰ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *