ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਝੋਨੇ ਦੀ ਖਰੀਦ ਪ੍ਰਕਿਰਿਆ ਦੀ ਮਿਆਦ ਵਿੱਚ ਵਾਧੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀਤਾ ਧੰਨਵਾਦ 

ਸੂਬਾ ਸਰਕਾਰ ਦੀ ਬੇਨਤੀ ‘ਤੇ, ਕੇਂਦਰ ਨੇ ਖਰੀਦ ਪ੍ਰਕਿਰਿਆ ਦੀ ਮਿਆਦ 7 ਦਸੰਬਰ, 2023 ਤੱਕ ਵਧਾਈ
ਚੰਡੀਗੜ੍ਹ, 30 ਨਵੰਬਰ:
ਇਸ ਸਾਲ ਜੁਲਾਈ ਵਿੱਚ ਹੜ੍ਹਾਂ ਕਾਰਨ ਸੂਬੇ ਦੇ ਕੁਝ ਹਿੱਸਿਆਂ ਵਿੱਚ ਪਛੇਤੀ ਬਿਜਾਈ ਕਾਰਨ ਸੂਬੇ ਦੇ ਮਿਹਨਤਕਸ਼ ਕਿਸਾਨਾਂ ਦੇ ਹਿੱਤਾਂ ਲਈ ਖਰੀਦ ਪ੍ਰਕਿਰਿਆ ਦੀ ਮਿਆਦ ਵਧਾਉਣ ਬਾਬਤ ਸੂਬਾ ਸਰਕਾਰ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰਾਲੇ (ਡੀ.ਐੱਫ.ਪੀ.ਡੀ.) ਨੇ ਖਰੀਦ ਦੀ ਮਿਆਦ 7 ਦਸੰਬਰ ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਭਾਗ ਨੂੰ ਝੋਨੇ ਦੀ ਖਰੀਦ ਦੀ ਮਿਆਦ ਵਧਾਉਣ ਲਈ ਮਾਮਲਾ ਡੀ.ਐਫ.ਪੀ.ਡੀ. ਕੋਲ ਉਠਾਉਣ ਦੇ ਨਿਰਦੇਸ਼ ਦਿੱਤੇ ਸਨ ਕਿਉਂਕਿ ਹਾਲ ਹੀ ਵਿੱਚ ਪੰਜਾਬ ਵਿੱਚ ਹੜ੍ਹ ਆਏ ਸਨ ਜਿਸ ਕਾਰਨ ਬਿਜਾਈ ਵਿੱਚ ਦੇਰੀ ਹੋਈ ਜਿਸ ਕਾਰਨ ਵਾਢੀ ਵੀ ਕਾਫ਼ੀ ਲੇਟ ਸ਼ੁਰੂ ਹੋਈ ਜੋ ਕਿ ਸੂਬੇ ਦੇ ਕੁਝ ਹਿੱਸਿਆਂ ਵਿੱਚ ਅਜੇ ਵੀ ਜਾਰੀ ਹੈ।
ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਹਮੇਸ਼ਾ ਹੀ ਸਾਡੇ ਅੰਨਦਾਤੇ ਦੇ ਹਿੱਤਾਂ ਦੀ ਰਾਖੀ ਲਈ ਸਭ ਤੋਂ ਅੱਗੇ ਰਹੇ ਹਨ। ਮੰਤਰੀ ਨੇ ਕਿਹਾ ਕਿ ਸੂਬੇ ਦੇ ਕੁਝ ਹਿੱਸਿਆਂ ਵਿੱਚ ਚੱਲ ਰਹੀ ਵਾਢੀ ਦੇ ਮੱਦੇਨਜ਼ਰ ਖਰੀਦ ਪ੍ਰਕਿਰਿਆ ਦੀ ਮਿਆਦ ਵਿੱਚ ਇਹ ਵਾਧਾ ਜ਼ਰੂਰੀ ਸੀ ਅਤੇ ਇਹ ਮੁੱਖ ਮੰਤਰੀ ਦੇ ਨਿੱਜੀ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਵੱਲੋਂ ਮਿਤੀ 30.11.2023 ਨੂੰ ਜਾਰੀ ਸੰਦੇਸ਼ ਰਾਹੀਂ ਖਰੀਫ ਸੀਜ਼ਨ (ਕੇ.ਐਮ.ਐਸ.)।2023-24 ਦੌਰਾਨ ਝੋਨੇ ਦੀ ਖਰੀਦ ਦੀ ਮਿਆਦ 01.10.2023 ਤੋਂ 07.12.2023 ਕਰ ਦਿੱਤੀ ਜੋ ਕਿ ਪਹਿਲਾ 01.10.2023 ਤੋਂ 30.11.2023 ਤੱਕ ਸੀ।
ਕਿਸਾਨਾਂ ਵੱਲੋਂ ਮੰਡੀਆਂ ਵਿੱਚ ਲਿਆਂਦੇ ਝੋਨੇ ਦਾ ਇੱਕ-ਇੱਕ ਦਾਣਾ ਖਰੀਦਣ ਸਬੰਧੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬੇ ਦੀਆਂ ਮੰਡੀਆਂ ਵਿੱਚ ਝੋਨਾ ਲਿਆਉਣ ਵਾਲੇ ਕਿਸਾਨਾਂ ਲਈ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਅੱਜ ਤੱਕ, ਮੌਜੂਦਾ ਖਰੀਫ ਸੀਜ਼ਨ (ਕੇ.ਐਮ.ਐਸ.) 2023-24 ਦੌਰਾਨ, ਸੂਬੇ ਦੀਆਂ ਖਰੀਦ ਏਜੰਸੀਆਂ ਵੱਲੋਂ ਸੂਬੇ ਭਰ ਵਿੱਚ ਲਗਭਗ 185 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਸੂਬੇ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਐਮ.ਐਸ.ਪੀ. ਵਜੋਂ 39,400 ਕਰੋੜ ਰੁਪਏ ਸਿੱਧੇ ਟਰਾਂਸਫਰ ਕੀਤੇ ਗਏ ਹਨ।

Leave a Reply

Your email address will not be published. Required fields are marked *