-ਬਹਾਵਲਪੁਰ ਪੈਲੇਸ ਵਿਖੇ ਲੱਗਣ ਵਾਲੇ ਕੈਂਪ ਦਾ ਬਜ਼ੁਰਗ ਲਾਭ ਉਠਾਉਣ : ਡੀ.ਐਸ.ਐਸ.ਓ
ਪਟਿਆਲਾ, 18 ਨਵੰਬਰ:
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ 20 ਨਵੰਬਰ ਨੂੰ ਪਟਿਆਲਾ ਦੇ ਬਹਾਵਲਪੁਰ ਪੈਲੇਸ ਵਿਖੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।
ਡੀ.ਐਸ.ਐਸ.ਓ ਨੇ ਦੱਸਿਆ ਕਿ ਇਹ ਕੈਂਪ 20 ਨਵੰਬਰ ਨੂੰ ਬਹਾਵਲਪੁਰ ਪੈਲੇਸ ਪੁਲਿਸ ਲਾਈਨ, ਤ੍ਰਿਪੜੀ ਪਟਿਆਲਾ ਵਿਖੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ। ਇਸ ਵਿਚ ਬਜ਼ੁਰਗਾਂ ਲਈ ਮੈਡੀਕਲ ਚੈੱਕਅਪ ਕੈਂਪ ਜਿਸ ਵਿੱਚ ਈ.ਐਨ.ਟੀ., ਆਰਥੋਪੈਡਿਕ, ਫਿਜੀਓਥੈਰਪਿਸਟ ਚੈਕਅੱਪ ਅਤੇ ਅੱਖਾਂ ਦੀ ਜਾਂਚ ਕਰਕੇ ਮੌਕੇ ਤੇ ਐਨਕਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸੇ ਤਰਾਂ ਬੁਢਾਪਾ ਪੈਨਸ਼ਨ ਦੇ ਫਾਰਮ ਵੀ ਭਰੇ ਜਾਣਗੇ। ਉਨ੍ਹਾਂ ਨੇ ਜ਼ਿਲ੍ਹੇ ਦੇ ਬਜ਼ੁਰਗਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਵਿਚ ਇਸ ਤਰਾਂ ਦੇ ਕੈਂਪ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦਾ ਉਦੇਸ਼ ਬਜ਼ੁਰਗਾਂ ਨੂੰ ਸਹੂਲਤ ਮੁਹੱਈਆ ਕਰਵਾਉਣਾ ਹੈ।