ਦੋ ਰੋਜ਼ਾ ਯੁਵਕ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਸ਼ਾਨੋ ਸ਼ੌਕਤ ਨਾਲ ਹੋਇਆ ਸਮਾਪਤ

ਰੰਗਲਾ ਪੰਜਾਬ ਬਣਾਉਣ ’ਚ ਨੌਜਵਾਨ ਆਪਣਾ ਯੋਗਦਾਨ ਪਾਉਣ : ਜੱਸੀ ਸੋਹੀਆਂ ਵਾਲਾ

ਪਟਿਆਲਾ, 11 ਨਵੰਬਰ:
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਡਾਇਰੈਕਟੋਰੇਟ ਯੁਵਕ ਸੇਵਾਵਾਂ ਪੰਜਾਬ ਦੇ ਆਦੇਸ਼ਾਂ ਅਨੁਸਾਰ ਜੋ ਦੋ ਰੋਜ਼ਾ ਯੁਵਕ ਮੇਲਾ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਦੇ ਸਾਂਝੇ ਉੱਦਮ ਨਾਲ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਦੇ ਆਡੀਟੋਰੀਅਮ ਵਿਚ ਚੱਲ ਰਿਹਾ ਸੀ, ਉਹ ਅੱਜ ਸ਼ਾਨੋ ਸ਼ੌਕਤ ਨਾਲ ਸਮਾਗਮ ਹੋ ਗਿਆ। ਸਮਾਗਮ ਦੌਰਾਨ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਜੇਤੂ ਭਾਗੀਦਾਰਾਂ ਨੂੰ  ਇਨਾਮ ਵੰਡ ਕੇ ਸਨਮਾਨਤ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੌਜਵਾਨਾਂ ਦੇ ਸਮੁੱਚੇ ਵਿਕਾਸ ਨੂੰ ਸਮਰਪਤ ਹੋ ਕੇ ਕੰਮ ਕਰ ਰਹੀ ਹੈ ਅਤੇ ਕਰਦੀ ਰਹੇਗੀ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਨੌਜਵਾਨ ਆਪਣਾ ਵਡਮੁੱਲਾ ਯੋਗਦਾਨ ਪਾਉਣ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋ. ਚਰਨਜੀਤ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਸਟੇਜ ਦਾ ਸੰਚਾਲਨ ਕਾਲਜ ਦੇ ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਡਾ. ਨਵਨੀਤ ਕੌਰ ਨੇ ਕੀਤਾ। ਦੂਜੇ ਦਿਨ ਦੇ ਪ੍ਰੋਗਰਾਮਾਂ ਵਿੱਚ ਡਿਬੇਟ ਦੇ ਮੁਕਾਬਲਿਆਂ ਵਿੱਚ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਅਤੇ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਨੇ ਪਹਿਲਾ ਸਥਾਨ, ਮਾਤਾ ਸਾਹਿਬ ਕੌਰ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੂਜਾ ਸਥਾਨ, ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਅਤੇ ਮਾਤਾ ਸਾਹਿਬ ਕੌਰ ਕਾਲਜ ਆਫ਼ ਐਜੂਕੇਸ਼ਨ ਲੜਕੀਆਂ ਪਟਿਆਲਾ ਅਤੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਨੇ ਕ੍ਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਹਿਲਾ ਸਥਾਨ,ਸਰਕਾਰੀ ਕੀਰਤੀ ਕਾਲਜ ਨਿਆਲ ਪਾਤੜਾਂ ਨੇ ਦੂਜਾ ਸਥਾਨ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ ਪਟਿਆਲਾ ਅਤੇ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗਿੱਧੇ ਦੇ ਮੁਕਾਬਲਿਆਂ ਵਿੱਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀ ਟੀਮ ਨੇ ਪਹਿਲਾ ਸਥਾਨ, ਸਰਕਾਰੀ ਆਈ.ਟੀ. ਆਈ. ਲੜਕੀਆਂ ਰਾਜਪੁਰਾ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸੰਮੀ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ ਪਟਿਆਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੁਡੀ ਅਤੇ ਭੰਗੜੇ ਵਿੱਚ ਸਰਕਾਰੀ ਆਈ.ਟੀ.ਆਈ. ਲੜਕੀਆਂ ਰਾਜਪੁਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਿਮਿਕਰੀ ਦੇ ਮੁਕਾਬਲਿਆਂ ਵਿੱਚ ਖਾਲਸਾ ਕਾਲਜ ਪਟਿਆਲਾ ਨੇ ਪਹਿਲਾ ਸਥਾਨ, ਮੁਲਤਾਨੀ ਮਲ ਮੋਦੀ ਕਾਲਜ ਪਟਿਆਲਾ ਨੇ ਦੂਜਾ ਸਥਾਨ ਅਤੇ ਪਬਲਿਕ ਕਾਲਜ ਸਮਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭੰਡ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਹਿਲਾ ਸਥਾਨ, ਪਬਲਿਕ ਕਾਲਜ ਸਮਾਣਾ ਅਤੇ ਖਾਲਸਾ ਕਾਲਜ ਪਟਿਆਲਾ ਨੇ ਕ੍ਰਮਵਾਰ ਦੂਜਾ ਸਥਾਨ, ਸਰਕਾਰੀ ਕੀਰਤੀ ਕਾਲਜ ਨਿਆਲ ਪਾਤੜਾਂ ਅਤੇ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਨੇ ਕ੍ਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਮੂਹ ਭਾਗੀਦਾਰਾਂ ਨੂੰ ਟਰਾਫ਼ੀਆਂ, ਸਰਟੀਫਿਕੇਟ ਅਤੇ ਮੈਡਲ ਪ੍ਰਦਾਨ ਕੀਤੇ ਗਏ। ਇਸ ਮੇਲੇ ਵਿੱਚ ਯੂਥ ਕਲੱਬਾਂ ਦੇ ਨੁਮਾਇੰਦਿਆਂ ਅਤੇ ਸਮੂਹ ਰੈੱਡ ਰਿਬਨ ਕਲੱਬਾਂ ਅਤੇ ਕੌਮੀ ਸੇਵਾ ਯੋਜਨਾ ਇਕਾਈਆਂ ਦੇ ਨੋਡਲ ਅਫ਼ਸਰ ਅਤੇ ਪ੍ਰੋਗਰਾਮ ਅਫ਼ਸਰ ਸਾਹਿਬਾਨ ਨੇ ਸ਼ਿਰਕਤ ਕੀਤੀ। ਇਸ ਤਰ੍ਹਾਂ ਇਹ ਯੁਵਕ ਮੇਲਾ ਆਪਣੀ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋਇਆ।

Leave a Reply

Your email address will not be published. Required fields are marked *