ਪਰਾਲੀ ਡੰਪ ਦੇ ਆਲੇ ਦੁਆਲੇ 200 ਮੀਟਰ ਦੇ ਖੇਤਰ ‘ਚ ਪਟਾਖੇ ਚਲਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਦੇ ਹੁਕਮ ਜਾਰੀ

ਪਟਿਆਲਾ, 8 ਨਵੰਬਰ 
ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸਾਕਸ਼ੀ ਸਾਹਨੀ ਨੇ ਫੌਜਦਾਰੀ ਜਾਬਤਾ, ਸੰਘਤਾ 1973 (2 ਆਫ਼ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਵਿੱਚ ਪਰਾਲੀ ਨੂੰ ਡੰਪ ਕਰਨ ਲਈ ਨਿਰਧਾਰਤ ਕੀਤੀਆਂ ਥਾਵਾਂ ਪਿੰਡ ਕਮਾਸਪੁਰ, ਕਕਰਾਲਾ, ਦੋਦੜਾ, ਸੁਨਿਆਰਹੇੜੀ, ਸ਼ੁਤਰਾਣਾ, ਜੈਖਰ, ਅਕਾਲਗੜ੍ਹ, ਰੀਠਖੇੜੀ, ਪੰਜੋਲਾ, ਕੱਲਰਮਾਜਰੀ, ਚੱਪੜ, ਬਠਲੀ, ਕੁਲਬੁਰਛਾਂ, ਮੁੰਛੀਵਾਲਾ, ਦੁਲੱਧੀ ਅਤੇ ਮਿਰਜਾਪੁਰ ਵਿਖੇ ਬਣੇ ਡੰਪਾਂ ਦੇ 200 ਮੀਟਰ ਵਿੱਚ ਪਟਾਖੇ ਚਲਾਉਣ ‘ਤੇ ਪੂਰਨ ਪਾਬੰਦੀ ਦੇ ਹੁਕਮ ਜਾਰ ਕੀਤੇ ਹਨ। ਇਹ ਹੁਕਮ 6 ਦਸੰਬਰ 2023 ਤੱਕ ਲਾਗੂ ਰਹਿਣਗੇ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਲ 2023 ਦੌਰਾਨ ਝੋਨੇ ਦੀ ਫਸਲ ਦੀ ਕਟਾਈ ਦੌਰਾਨ ਝੋਨੇ ਦੀ ਰਹਿੰਦ ਖੁੰਹਦ ਨੂੰ ਅੱਗ ਲੱਗਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿੱਚ ਬੇਲਰ ਰਾਹੀਂ ਪਰਾਲੀ ਦੀ ਕਟਾਈ ਕਰਕੇ ਗੰਢਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਗੰਢਾਂ ਨੂੰ ਇੱਕਠੇ ਕਰਕੇ ਨਿਰਧਾਰਤ ਕੀਤੀਆਂ ਵੱਖ ਵੱਖ ਥਾਵਾਂ ‘ਤੇ ਡੰਪ ਕੀਤਾ ਜਾ ਰਿਹਾ ਹੈ। ਮਿਤੀ 12 ਨਵੰਬਰ 2023 ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਣਾ ਹੈ। ਜਿਸ ਦੌਰਾਨ ਆਮ ਜਨਤਾ ਵੱਲੋਂ ਦੀਵਾਲੀ ਦੇ ਤਿਉਹਾਰ ‘ਤੇ ਪਟਾਖੇ ਚਲਾਏ ਜਾਣਗੇ ਅਤੇ ਜਿਥੇ ਪਰਾਲੀ ਨੂੰ ਡੰਪ ਕੀਤਾ ਜਾ ਰਿਹਾ ਹੈ ਅੱਗ ਲੱਗਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਲਈ ਪਰਾਲੀ ਡੰਪ ਦੇ 200 ਮੀਟਰ ਦੇ ਖੇਤਰ ‘ਚ ਪਟਾਖੇ ਚਲਾਉਣ ‘ਤੇ ਪਾਬੰਦੀ ਲਗਾਈ ਜਾਂਦੀ ਹੈ।

Leave a Reply

Your email address will not be published. Required fields are marked *