ਪਟਿਆਲਾ ਜ਼ਿਲ੍ਹੇ ‘ਚ ਅਕਤੂਬਰ ਮਹੀਨੇ 90 ਫ਼ੀਸਦੀ ਰਹੀ ਅਦਾਲਤਾਂ ‘ਚ ਗਵਾਹਾਂ ਦੀ ਹਾਜ਼ਰੀ
-ਐਨ.ਡੀ.ਪੀ.ਐਸ. ਕੇਸਾਂ ‘ਚ ਗਵਾਹਾਂ ਦੀ ਹਾਜ਼ਰੀ ‘ਚ ਪਟਿਆਲਾ ਜ਼ਿਲ੍ਹਾ ਮੋਹਰੀ
-ਪੁਲਿਸ ਵਿਭਾਗ ਵੱਲੋਂ ਗਵਾਹਾਂ ਦੀ ਹਾਜ਼ਰੀ ਕੋਰਟ ‘ਚ ਯਕੀਨੀ ਬਣਾਉਣ ਲਈ ਗਵਾਹਾਂ ਨਾਲ ਕੀਤਾ ਜਾਂਦੇ ਰਾਬਤਾ
ਪਟਿਆਲਾ, 2 ਨਵੰਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੀਆਂ ਵੱਖ ਵੱਖ ਅਦਾਲਤਾਂ ਵਿੱਚ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਹੇਠ ਚਲਦੇ ਕੇਸਾਂ ਦੀ ਸਮੀਖਿਆ ਕੀਤੀ ਅਤੇ ਪੁਲਿਸ ਵਿਭਾਗ ਵੱਲੋਂ ਗਵਾਹਾਂ ਦੀ ਹਾਜ਼ਰੀ ਅਦਾਲਤਾਂ ਵਿੱਚ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਸਿੱਧੇ ਰਾਬਤੇ ਦੀ ਸਰਾਹਨਾਂ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਲੰਬਿਤ ਮਾਮਲਿਆਂ ਦਾ ਨਿਪਟਾਰਾ ਤੇਜ਼ੀ ਨਾਲ ਹੋਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੂਪ੍ਰਿਤਾ ਜੌਹਲ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਅਧੀਨ ਅਦਾਲਤਾਂ ਵਿੱਚ ਲੰਬਿਤ ਕੇਸ, ਜਿਨ੍ਹਾਂ ਵਿੱਚ ਦੋਸ਼ੀ ਜੇਲ੍ਹ ਵਿੱਚ ਬੰਦ ਹਨ, ਦੇ ਕੇਸਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ ਅਤੇ ਜਿਹੜੇ ਸਰਕਾਰੀ ਗਵਾਹ ਸੰਮਨਾਂ ਦੀ ਤਾਮੀਲ ਕਰਨ ਉਪਰੰਤ ਬਿਨਾਂ ਕਿਸੇ ਠੋਸ ਕਾਰਨ ਗਵਾਹੀ ਲਈ ਨਹੀਂ ਆਉਂਦੇ ਉਨ੍ਹਾਂ ਦੀ ਅਦਾਲਤਾਂ ਵਿੱਚ ਹਾਜ਼ਰੀ ਯਕੀਨੀ ਬਣਾਈ ਜਾਵੇ ਤਾਂ ਜੋ ਕੇਸਾਂ ਦਾ ਫੈਸਲਾ ਜਲਦੀ ਹੋ ਸਕੇ।
ਮੀਟਿੰਗ ਦੌਰਾਨ ਡੀ.ਐਸ.ਪੀ. ਸੁਖਅੰਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ ਐਨ.ਡੀ.ਪੀ.ਐਸ. ਐਕਟ ਅਧੀਨ ਚੱਲ ਰਹੇ ਕੇਸਾਂ ਵਿੱਚ ਗਵਾਹਾਂ ਨੂੰ ਅਦਾਲਤ ਵੱਲੋਂ ਸੰਮਨ ਭੇਜੇ ਜਾਂਦੇ ਹਨ, ਪਰ ਪੁਲਿਸ ਵਿਭਾਗ ਵੱਲੋਂ ਗਵਾਹ ਦੀ ਹਾਜ਼ਰੀ ਨੂੰ ਅਦਾਲਤ ਵਿੱਚ ਯਕੀਨੀ ਬਣਾਉਣ ਲਈ ਆਪਣੇ ਪੱਧਰ ‘ਤੇ ਵੀ ਗਵਾਹ ਨਾਲ ਸਿੱਧਾ ਸੰਪਰਕ ਕਰਕੇ ਸੁਨੇਹਾ ਲਗਾਇਆ ਜਾਂਦਾ ਹੈ ਤਾਂ ਕਿ ਗਵਾਹੀ ਕਾਰਨ ਕੋਰਟ ਵਿੱਚ ਕੇਸ ਲੰਬਿਤ ਨਾ ਹੋਣ।
ਇਸ ਮੌਕੇ ਜ਼ਿਲ੍ਹਾ ਅਟਾਰਨੀ ਅਨਮੋਲਜੀਤ ਸਿੰਘ ਨੇ ਦੱਸਿਆ ਕਿ ਜਨਵਰੀ 2023 ਤੋਂ ਅਕਤੂਬਰ 2023 ਤੱਕ ਪਟਿਆਲਾ ਜ਼ਿਲ੍ਹੇ ਦੀਆਂ ਵੱਖ ਵੱਖ ਅਦਾਲਤਾਂ ਵਿੱਚ ਐਨ.ਡੀ.ਪੀ.ਐਸ. ਐਕਟ ਦੇ ਕੁੱਲ 3240 ਕੇਸਾਂ ਦੀ ਸੁਣਵਾਈ ਹੋਈ ਜਿਸ ਵਿੱਚ 4997 ਗਵਾਹਾਂ ਨੇ ਕੋਰਟ ਵਿੱਚ ਪੇਸ਼ ਹੋ ਕੇ ਗਵਾਹੀ ਦਿੱਤੀ। ਉਨ੍ਹਾਂ ਮਹੀਨਾਵਾਰ ਵੇਰਵੇ ਦਿੰਦਿਆਂ ਦੱਸਿਆ ਕਿ ਜਨਵਰੀ 2023 ਵਿੱਚ 668 ਕੇਸਾਂ ਵਿੱਚ 983 ਗਵਾਹ ਪੇਸ਼ ਹੋਏ ਜਦਕਿ ਫਰਵਰੀ ਵਿੱਚ 472 ਕੇਸਾਂ ਵਿੱਚ 640 ਗਵਾਹ, ਮਾਰਚ ਵਿੱਚ 421 ਐਨ.ਡੀ.ਪੀ.ਐਸ. ਕੇਸਾਂ ਵਿੱਚ 614 ਗਵਾਹ, ਅਪ੍ਰੈਲ ਵਿੱਚ 284 ਕੇਸਾਂ ਵਿੱਚ 452 ਗਵਾਹ, ਮਈ ਵਿੱਚ 229 ਕੇਸਾਂ ਵਿੱਚ 451 ਗਵਾਹ, ਜੂਨ ਵਿੱਚ 49 ਕੇਸਾਂ ਵਿੱਚ 80 ਗਵਾਹ, ਜੁਲਾਈ ਵਿੱਚ 241 ਕੇਸਾਂ ਵਿੱਚ 440 ਗਵਾਹ, ਅਗਸਤ ਵਿੱਚ 312 ਕੇਸਾਂ ਅੰਦਰ 443 ਗਵਾਹ, ਸਤੰਬਰ ਵਿੱਚ 281 ਕੇਸਾਂ ਵਿੱਚ 457 ਗਵਾਹ ਅਤੇ ਅਕਤੂਬਰ ਮਹੀਨੇ ਵਿੱਚ 283 ਕੇਸਾਂ ਵਿੱਚ 437 ਗਵਾਹ ਪੇਸ਼ ਹੋਏ ਹਨ ਜੋ ਕਿ ਕੁਲ ਗਵਾਹੀਆਂ ਦਾ 90.10 ਫ਼ੀਸਦੀ ਹੈ। ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।