ਜੇਲ੍ਹ ਵਿਭਾਗ ਵੱਲੋਂ ਅੱਤਵਾਦ ਸਮੇਂ ਤੇ ਆਪਣੀ ਡਿਊਟੀ ਨਿਭਾਉਂਦੇ ਸ਼ਹੀਦ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਰਧਾਂਜਲੀ 

-ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਵਿਖੇ ਹੋਏ ਇਸ ਸੂਬਾ ਪੱਧਰੀ ਸਮਾਗਮ ‘ਚ ਸ਼ਾਮਲ ਹੋਏ ਏ.ਡੀ.ਜੀ.ਪੀ. (ਜੇਲ੍ਹਾਂ) ਅਰੁਨ ਪਾਲ ਸਿੰਘ

ਪਟਿਆਲਾ, 22 ਅਕਤੂਬਰ

ਪੰਜਾਬ ਜੇਲ੍ਹ ਵਿਭਾਗ ਵੱਲੋਂ ਅੱਤਵਾਦ ਸਮੇਂ ਅਤੇ ਆਪਣੀ ਡਿਊਟੀ ਨਿਭਾਉਂਦੇ ਸ਼ਹੀਦ ਹੋਏ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਿਤ ਕੀਤੇ ਗਏੇ। ਇਸ ਸ਼ਰਧਾਂਜਲੀ ਸਮਾਰੋਹ ਵਿੱਚ ਏ.ਡੀ.ਜੀ.ਪੀ. (ਜੇਲ੍ਹਾਂ) ਅਰੁਨ ਪਾਲ ਸਿੰਘ, ਇੰਸਪੈਕਟਰ ਜਨਰਲ (ਜੇਲ੍ਹਾਂ), ਆਰ.ਕੇ. ਅਰੋੜਾ ਅਤੇ ਡੀ.ਆਈ.ਜੀ. (ਜੇਲ੍ਹਾਂ) ਸੁਰਿੰਦਰ ਸਿੰਘ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਸ਼ਹੀਦੀ ਸਮਾਰਕ ਤੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਸ਼ਹੀਦਾਂ ਦੇ ਪਰਿਵਾਰਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਹਰ ਸੰਭਵ ਕੋਸ਼ਿਸ਼ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਸਮੇਤ ਜੇਲ੍ਹ ਟ੍ਰੇਨਿੰਗ ਸਕੂਲ ਦੇ ਸਟਾਫ ਅਤੇ ਟ੍ਰੇਨੀਜ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਵਿਖੇ ਹੋਏ ਇਸ ਸੂਬਾ ਪੱਧਰੀ ਸਮਾਗਮ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ।

ਏ.ਡੀ.ਜੀ.ਪੀ. (ਜੇਲ੍ਹਾਂ) ਅਰੁਨ ਪਾਲ ਸਿੰਘ ਨੇ ਕਿਹਾ ਕਿ ਸ਼ਹੀਦਾਂ ਲਈ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਹਰ ਇਕ ਜੇਲ੍ਹ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਇਮਾਨਦਾਰੀ ਨਾਲ ਅਤੇ ਨਿਰਭੈ ਹੋ ਕੇ ਨਿਭਾਵੇ। ਉਨ੍ਹਾਂ ਕਿਹਾ ਕਿ ਇਕ ਜੇਲ੍ਹ ਅਫਸਰ ਲਈ ਦੇਸ਼ ਸਭ ਤੋਂ ਪਹਿਲਾਂ, ਫਿਰ ਜੇਲ੍ਹ ਵਿਭਾਗ ਦੇ ਸਾਥੀ, ਉਸ ਤੋਂ ਬਾਅਦ ਬੰਦੀਆਂ ਦੀ ਸੁਰੱਖਿਆ ਅਤੇ ਸੁਧਾਰ ਅਤੇ ਅੰਤ ਵਿੱਚ ਉਹ ਖੁੱਦ ਆਉਂਦੇ ਹਨ। ਇਸ ਮੌਕੇ ੳਨ੍ਹਾਂ ਨੇ ਜੇਲ੍ਹ ਵਿਭਾਗ ਵਿੱਚ ਨਵੇਂ ਭਰਤੀ ਹੋਏ ਵਾਰਡਰਜ ਅਤੇ ਮੇਟਰਨਜ ਨੂੰ ਆਪਣੀ ਟ੍ਰੇਨਿੰਗ ਪੂਰੀ ਤਨਦੇਹੀ ਨਾਲ ਕਰਨ ਬਾਰੇ ਕਿਹਾ ਅਤੇ ਆਪਣੀ ਨੌਕਰੀ ਸ਼ਾਨ ਅਤੇ ਬੇਦਾਗ ਤਰੀਕੇ ਨਾਲ ਕਰਨ ਲਈ ਪ੍ਰੇਰਿਤ ਕੀਤਾ।

ਪ੍ਰਿੰਸੀਪਲ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਰਵਿੰਦਰ ਸਿੰਘ ਤੇ ਵਾਇਸ  ਪ੍ਰਿੰਸੀਪਲ ਮੁਕੇਸ਼ ਕੁਮਾਰ ਸ਼ਰਮਾ ਨੇ ਸ਼ਹੀਦਾਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਪਰੋਕਤ ਤੋਂ ਇਲਾਵਾ ਵੱਖ-ਵੱਖ ਜੇਲ੍ਹਾਂ ਦੇ ਸੀਨੀਅਰ ਸੁਪਰਡੈਂਟਜ ਵੀ ਹਾਜਰ ਰਹੇ।

Leave a Reply

Your email address will not be published. Required fields are marked *