ਹਵਾ ਦੀ ਗੁਣਵੱਤਾ ਸੁਧਾਰਨ ਲਈ ‘ਗਰੀਨ ਲੰਗਜ਼’ ਵਜੋਂ ਸ਼ਹਿਰ ਦੇ ਤਿੰਨ ਫਲਾਈਓਵਰਾਂ ‘ਤੇ ਬਣਨਗੇ ਵਰਟੀਕਲ ਗਾਰਡਨਜ਼-ਸਾਕਸ਼ੀ ਸਾਹਨੀ

-ਕਿਹਾ, ਰਾਈਟ ਟੂ ਵਾਕ ਪਾਲਿਸੀ ਤਹਿਤ ਸ਼ਹਿਰ ‘ਚ ਬਣੇਗਾ ਸਾਇਕਲ ਸਰਕਟ, ਗ਼ੈਰ ਮੋਟਰਏਬਲ ਟਰਾਂਸਪੋਰਟ ਲਈ ਖ਼ਰਚੇ ਜਾਣਗੇ 2 ਕਰੋੜ ਰੁਪਏ
-ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਨਗਰ ਨਿਗਮ ਨੂੰ ਮਿਲੇ 9.47 ਕਰੋੜ ਰੁਪਏ ਦੇ ਫੰਡ, 4 ਕਰੋੜ ਦੇ ਪ੍ਰਾਜੈਕਟ ਪ੍ਰਵਾਨ,
ਪਟਿਆਲਾ, 10 ਜਨਵਰੀ:
ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਨਗਰ ਨਿਗਮ ਪਟਿਆਲਾ ਨੂੰ 9.47 ਕਰੋੜ ਰੁਪਏ ਪ੍ਰਾਪਤ ਹੋਏ ਹਨ। ਇਸ ਨਾਲ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਸੁਧਾਰਨ ਲਈ 4 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟ ਪ੍ਰਵਾਨ ਕੀਤੇ ਗਏ ਹਨ ਜਦਕਿ 5.47 ਕਰੋੜ ਰੁਪਏ ਦੇ ਹੋਰ ਪ੍ਰਾਜੈਕਟਾਂ ਦੀਆਂ ਤਜਵੀਜਾਂ ਬਣਾਈਆਂ ਗਈਆਂ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਸਾਕਸ਼ੀ ਸਾਹਨੀ ਨੇ ਕੀਤਾ।
ਡਿਪਟੀ ਕਮਿਸ਼ਨਰ, ਅੱਜ ਇਥੇ ਕੌਮੀ ਸਵੱਛ ਹਵਾ ਪ੍ਰੋਗਰਾਮ ਤਹਿਤ ਹਵਾ ਪ੍ਰਦੂਸ਼ਨ ਦੀ ਰੋਕਥਾਮ, ਨਿਯਮਤ ਕਰਨਾ ਤੇ ਇਸ ਨੂੰ ਘੱਟ ਕਰਨ ਦੇ ਨਾਲ-ਨਾਲ ਹਵਾ ਦੀ ਗੁਣਵੱਤਾ ‘ਤੇ ਨਿਗਰਾਨੀ ਦਾ ਨੈਟਵਰਕ ਦਾ ਵਿਸਥਾਰ, ਜਾਗਰੂਕਤਾ ਤੇ ਸਮਰੱਥਾ ਵਧਾਉਣ ਦੀਆਂ ਗਤੀਵਿਧੀਆਂ ਵਧਾਉਣ ਦੇ ਪ੍ਰੋਗਰਾਮ ਦਾ ਜਾਇਜ਼ਾ ਲੈਣ ਲਈ ਹਵਾ ਗੁਣਵੱਤਾ ਮੋਨੀਟਰਿੰਗ ਸੈਲ ਦੀ ਬੈਠਕ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ‘ਤੇ ਪਟਿਆਲਾ ਸ਼ਹਿਰ ਨੂੰ ਹਰ ਪੱਖੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਸੁਧਾਰਨ ਲਈ ਗਰੀਨ ਲੰਗਜ਼ ਵਜੋਂ 21 ਤੇ 22 ਨੰਬਰ ਫਾਟਕਾਂ ਦੇ ਰੇਲਵੇ ਲਾਈਨ ਦੇ ਪੁੱਲਾਂ ਸਮੇਤ ਪੁਰਾਣੇ ਬੱਸ ਅੱਡੇ ਨੇੜਲੇ ਫਲਾਈਓਵਰ ਵਿਖੇ ਵਰਟੀਕਲ ਗਾਰਡਨਜ਼ ਵਿਕਸਤ ਕੀਤੇ ਜਾਣਗੇ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਵਿਖੇ ਗ਼ੈਰ ਮੋਟਰਏਬਲ ਟਰਾਂਸਪੋਰਟ ਨੂੰ ਪ੍ਰਫੁੱਲਤ ਕਰਨ ਲਈ ਬਣਾਈ ਗਈ ਰਾਈਟ ਟੂ ਵਾਕ ਪਾਲਿਸੀ ਅਧੀਨ ਕੌਮੀ ਸਵੱਛ ਹਵਾ ਪ੍ਰੋਗਰਾਮ ਤਹਿਤ 2 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ, ਇਸ ਲਈ ਸ਼ਹਿਰ ਵਿਖੇ ਸਾਇਕਲ ਸਰਕਟ ਦੀ ਤਜਵੀਜ਼ ‘ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਵੱਡੇ ਸ਼ਹਿਰਾਂ ਦੀ ਤਰਜ ‘ਤੇ ਇੱਥੇ ਵੀ ਸਾਇਕਲ ਕਿਰਾਏ ‘ਤੇ ਦੇਣ ਦੇ ਪ੍ਰਾਜੈਕਟ ਦੀ ਸੰਭਾਵਨਾ ਤਲਾਸ਼ੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਤਿੰਨ ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਪੁਅਇੰਟ ਬਣਾਏ ਜਾਣਗੇ, ਜਿਨ੍ਹਾਂ ਲਈ ਨਵਾਂ ਬੱਸ ਸਟੈਂਡ, ਪੁਰਾਣਾ ਬੱਸ ਅੱਡਾ ਤੇ ਜੇਲ ਨੇੜੇ ਪੈਟਰੋਲ ਪੰਪ ਵਿਖੇ ਤਜਵੀਜ਼ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਲੀਲਾ ਭਵਨ ਮਾਰਕੀਟ ਨੇੜੇ ਮਲਟੀ ਲੈਵਲ ਪਾਰਕਿੰਗ ਬਣਾਉਣ ਦੀ ਸੰਭਾਵਨਾ ਤਲਾਸ਼ੀ ਜਾ ਰਹੀ ਹੈ। ਇਸ ਤੋਂ ਬਿਨ੍ਹਾਂ ਟਿਵਾਣਾ ਚੌਂਕ ਨੇੜੇ ਪਾਰਕ, ਪਟਿਆਲਾ ਸਰਹਿੰਦ ਰੋਡ ‘ਤੇ ਵੇਰਕਾ ਤੋਂ ਬਾਈਪਾਸ ਤੱਕ, ਸਰਹਿੰਦ ਰੋਡ ਤੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਰੋਡ, ਅੱਗੇ ਪੁਰਾਣੇ ਬੱਸ ਅੱਡੇ ਨੂੰ ਜਾਂਦੀ ਰੋਡ, ਪੁਰਾਣਾ ਬਿਸ਼ਨ ਨਗਰ ਤੋਂ ਨਵੇਂ ਬੱਸ ਅੱਡੇ ਨੂੰ ਜਾਂਦੀ ਸੜਕ, ਪਟਿਆਲਾ ਸੰਗਰੂਰ ਰੋਡ ਤੋਂ ਠੀਕਰੀਵਾਲਾ ਚੌਂਕ ਤੋਂ ਭਾਖੜਾ ਤੱਕ ਸੜਕਾਂ ਦੇ ਵਿਚਕਾਰ ਲੈਂਡਸਕੇਪਿੰਗ ਕਰਨ ਦੀ ਤਜਵੀਜ ਪਾਸ ਕੀਤੀ ਗਈ ਹੈ।
ਇਸ ਮੌਕੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਨਮਨ ਮਾਰਕੰਨ, ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ, ਗੁਰਪ੍ਰੀਤ ਵਾਲੀਆ, ਐਕਸੀਐਨ ਜੇ.ਪੀ. ਸਿੰਘ, ਦਲੀਪ ਕੁਮਾਰ, ਪਿਯੂਸ਼ ਅਗਰਵਾਲ, ਬ੍ਰਿਜ ਮੋਹਨ ਭਾਰਦਵਾਜ ਰੋਡ ਸੇਫਟੀ ਇੰਜੀਨਅਰ ਸ਼ਵਿੰਦਰਜੀਤ ਬਰਾੜ ਤੇ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *