ਚੰਡੀਗੜ੍ਹ, 27 ਸਤੰਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਿਜ਼ਨਸ ਬਲਾਸਟਰਜ਼ ਪ੍ਰੋਗਰਾਮ ਸਬੰਧੀ ਦੋ-ਰੋਜ਼ਾ ਟੀਰਚਜ਼ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸੂਬੇ ਦੇ 23 ਜ਼ਿਲ੍ਹਿਆਂ ਦੇ 2,000 ਸਕੂਲਾਂ ਦੇ ਲਗਭਗ 7,000 ਅਧਿਆਪਕਾਂ ਨੇ ਭਾਗ ਲਿਆ।
ਇਸ ਸਿਖਲਾਈ ਪ੍ਰੋਗਰਾਮ ਵਿੱਚ ਸਮੱਸਿਆਵਾਂ ਦੇ ਹੱਲ, ਟੀਮ ਵਰਕ, ਗੱਲਬਾਤ, ਖੋਜਾਂ, ਅਤੇ ਹੋਰ ਉੱਦਮੀ ਹੁਨਰਾਂ ਸਮੇਤ ਵੱਖ-ਵੱਖ ਪਹਿਲੂ ਸ਼ਾਮਲ ਸਨ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਵਿੱਚ ਪ੍ਰੇਰਣਾ, ਟੀਮ ਵਰਕ, ਅਤੇ ਅਸਲ ਪ੍ਰਸਥਿਤੀਆਂ ‘ਤੇ ਕੇਂਦ੍ਰਿਤ ਵਿਸ਼ੇਸ਼ ਸੈਸ਼ਨ ਵੀ ਕਰਵਾਏ ਗਏ। ਓਰੀਐਂਟੇਸ਼ਨ, ਕਰੀਕੁਲਮ ਐਕਸਪੋਜ਼ਰ, ਰੋਲ-ਪਲੇਅ, ਅਤੇ ਕਲੈਰੀਫਾਇੰਗ ਰੋਲਸ ਅਤੇ ਜ਼ਿੰਮੇਵਾਰੀਆਂ ਇਸ ਸਿਖਲਾਈ ਪ੍ਰੋਗਰਾਮ ਦੇ ਮੁੱਖ ਹਿੱਸੇ ਸਨ। ਅਧਿਆਪਕਾਂ ਦੀ ਸਰਗਰਮ ਸ਼ਮੂਲੀਅਤ ਨਾਲ ਇਹ ਪ੍ਰੋਗਰਾਮ ਜੋਸ਼ ਅਤੇ ਉਤਸ਼ਾਹ ਨਾਲ ਭਰ ਗਿਆ।
ਬੁਲਾਰੇ ਨੇ ਦੱਸਿਆ ਕਿ ਬਿਜ਼ਨਸ ਬਲਾਸਟਰਜ਼ ‘ਪੰਜਾਬ ਯੰਗ ਐਂਟਰਪ੍ਰੀਨਿਓਰਜ਼ ਪ੍ਰੋਗਰਾਮ ਸਕੀਮ’ ਤਹਿਤ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਸੂਬੇ ਭਰ ਦੇ 2,000 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹ ਰਹੇ 11ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਉੱਦਮੀ ਵਿਚਾਰਧਾਰਾ ਪੈਦਾ ਕਰਨਾ ਹੈ। ਇਹ ਪ੍ਰੋਗਰਾਮ ਵਿਦਿਆਰਥੀਆਂ ਵਿੱਚ 21ਵੀਂ ਸਦੀ ਦੇ ਨਵੀਨਤਮ ਹੁਨਰ ਪੈਦਾ ਕਰਦਾ ਹੈ ਤਾਂ ਜੋ ਉਹ ਅਜੋਕੇ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ। ਉਨ੍ਹਾਂ ਅੱਗੇ ਦੱਸਿਆ ਕਿ ਇਹ ਪ੍ਰੋਗਰਾਮ ਤਜ਼ਰਬੇ ਅਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਦਾ ਹੈ ਤਾਂ ਜੋ ਵਿਦਿਆਰਥੀਆਂ ਅੰਦਰ ਉੱਦਮੀ ਮਾਨਸਿਕਤਾ ਪੈਦਾ ਕੀਤੀ ਜਾ ਸਕੇ ਅਤੇ ਵਿਦਿਆਰਥੀਆਂ ਨੂੰ ਵਿਹਾਰਕ ਵਪਾਰਕ ਜਾਂ ਸਮਾਜਿਕ ਵਿਚਾਰਾਂ ਦੇ ਨਾਲ-ਨਾਲ ਲੋੜੀਂਦੇ ਗੁਣਾਂ ਜਿਵੇਂ ਮੌਕਿਆਂ ਦੀ ਪਛਾਣ ਕਰਨ, ਜੋਖਮ ਲੈਣ, ਸਹਿਯੋਗ ਅਤੇ ਲਚਕੀਲੇਪਨ ਨੂੰ ਵਿਕਸਤ ਕਰਨ ਦੇ ਸਮਰੱਥ ਬਣਾਇਆ ਜਾ ਸਕੇ।
ਬੁਲਾਰੇ ਨੇ ਦੱਸਿਆ ਕਿ ਉੱਦਮੀ ਮਾਨਸਿਕਤਾ ਅਤੇ ਆਧੁਨਿਕ ਹੁਨਰ ਵਿਕਸਿਤ ਕਰਕੇ ਇਹ ਬਿਜ਼ਨਸ ਬਲਾਸਟਰ ਪ੍ਰੋਗਰਾਮ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਪਰਵਾਸ ਵਰਗੀਆਂ ਚੁਣੌਤੀਆਂ ਨਾਲ ਬਿਹਤਰ ਢੰਗ ਨਾਲ ਨਜਿੱਠਣ ਦੇ ਯੋਗ ਬਣਾ ਸਕਦੀ ਹੈ ਕਿਉਂਕਿ ਇਹ ਨਾ ਸਿਰਫ਼ ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਲਈ ਦ੍ਰਿਸ਼ਟੀ ਅਤੇ ਉਦੇਸ਼ ਪ੍ਰਦਾਨ ਕਰੇਗਾ, ਸਗੋਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਛੁਪੀਆਂ ਸਮਰੱਥਾਵਾਂ ਬਾਰੇ ਜਾਣੂ ਕਰਵਾ ਕੇ ਸਫਲਤਾ ਦਾ ਰਾਹ ਦਿਖਾਏਗਾ।
ਸ਼ੁਰੂਆਤੀ ਪੜਾਅ ਵਿੱਚ ਬਿਜ਼ਨਸ ਬਲਾਸਟਰ ਪ੍ਰੋਗਰਾਮ ਨੂੰ ਨਵੰਬਰ 2022 ਵਿੱਚ ਸੂਬੇ ਦੇ 9 ਜ਼ਿਲ੍ਹਿਆਂ ਦੇ 32 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਇਸ ਪ੍ਰੋਗਰਾਮ ਵਿੱਚ 11ਵੀਂ ਜਮਾਤ ਦੇ 11,000 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਉਨ੍ਹਾਂ ਵਿੱਚੋਂ 3000 ਤੋਂ ਵੱਧ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਅਸਲ ਪ੍ਰਸਿਤੀਆਂ ਵਿੱਚ ਅਜ਼ਮਾਉਣ ਲਈ ਸੀਡ ਮਨੀ ਵਜੋਂ ਪ੍ਰਤੀ ਵਿਦਿਆਰਥੀ 2000 ਰੁਪਏ ਦਿੱਤੇ ਗਏ। ਇਸ ਪਾਇਲਟ ਪ੍ਰੋਗਰਾਮ ਦੀ ਸਫ਼ਲਤਾ ਨੂੰ ਵੇਖਦਿਆਂ ਸੂਬਾ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।