15th November 2025,(ਆਪਣਾ ਪੰਜਾਬੀ ਡੈਸਕ):
ਅੱਜ ਮਿਤੀ 15/11/2025 ਨੂੰ ਪੰਜਾਬ ਸਰਕਾਰ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਮੌਕੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ 150 ਸਾਲਾਂ ਸਫ਼ਰ-ਏ-ਫ਼ਕਰ ਦੇ ਪ੍ਰੋਗਰਾਮਾਂ ਦੀ ਲੜੀ ਤਹਿਤ ਕਾਲਜ ਦੀ ਪ੍ਰਿੰਸੀਪਲ ਡਾ. ਨਿਸ਼ਠਾ ਤ੍ਰਿਪਾਠੀ ਦੀ ਸਰਪ੍ਰਸਤੀ ਹੇਠ ਸਭਾ ਭਵਨ ਵਿਖੇ ਇਤਿਹਾਸ ਵਿਭਾਗ ਵੱਲੋ ‘ਗੂਰੂ ਪਰੰਪਰਾ ਅਤੇ ਸ਼ਹਾਦਤ’ ਵਿਸ਼ੇ ਉਪਰ ਵਿਸ਼ੇਸ਼ ਲੈਕਚਰ ਹੋਇਆ। ਇਸ ਲੈਕਚਰ ਲਈ ਮੁੱਖ ਬੁਲਾਰੇ ਵਜੋਂ ਡਾ. ਹਰਪਾਲ ਸਿੰਘ ਪੰਨੂ ਜੀ ਨੇ ਸ਼ਿਰਕਤ ਕੀਤੀ। ਇਤਿਹਾਸ ਵਿਭਾਗ ਦੇ ਮੁਖੀ ਡਾ. ਪੁਨੀਤ ਨੇ ਬੜੇ ਹੀ ਸੁਚੱਜੇ ਢੰਗ ਨਾਲ ਮੰਚ ਸੰਚਾਲਨ ਕਰਦਿਆਂ ਡਾ. ਹਰਪਾਲ ਸਿੰਘ ਪੰਨੂ ਜੀ ਦੀਆਂ ਪ੍ਰਾਪਤੀਆਂ ਤੇ ਅਕਾਦਮਿਕ ਸਫ਼ਰ ਬਾਰੇ ਮੁੱਲਵਾਨ ਜਾਣਕਾਰੀ ਦਿੱਤੀ ਤੇ ਆਈਆਂ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ। ਡਾ. ਪੰਨੂ ਨੇ ਮੁੱਖ ਲੈਕਚਰ ਤੋਂ ਪਹਿਲਾਂ ਆਪਣੇ ਜੀਵਨ ਦੀਆਂ ਮੁਢਲੀਆਂ ਯਾਦਾਂ ਤੇ ਅਨੁਭਵ ਨੂੰ ਬੜੇ ਸੂਖਮ ਢੰਗ ਨਾਲ ਬਿਆਨ ਕੀਤਾ। ਇਸ ਉਪਰੰਤ ਡਾ. ਪੰਨੂ ਜੀ ਨੇ ਪੰਜਾਬ ਦੀ ਧਰਤੀ ‘ਤੇ ਲਿਖੇ ਗਏ ਧਾਰਮਿਕ ਗ੍ਰੰਥਾਂ ਬਾਰੇ ਗੱਲ ਕਰਦਿਆਂ ਗੁਰੂ ਪਰੰਪਰਾ ਬਾਰੇ ਬੜੇ ਵਿਸਥਾਰ ਸਹਿਤ ਚਰਚਾ ਕੀਤੀ। ਡਾ. ਪੰਨੂ ਜੀ ਨੇ ਸ਼ਹੀਦ ਤੇ ਸ਼ਹਾਦਤ ਸ਼ਬਦਾਂ ਦੇ ਸੰਕਲਪ ਦੀ ਸੁਚੱਜੀ ਵਿਆਖਿਆ ਕਰਦਿਆਂ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਬਾਲਪਣ ਤੋਂ ਲੈ ਕੇ ਸ਼ਹਾਦਤ ਤੱਕ ਦੀ ਅਦੁੱਤੀ ਗਾਥਾ ਨੂੰ ਦਿਲਚਸਪੀ ਨਾਲ ਬਿਆਨ ਕੀਤਾ। ਇਸ ਮੌਕੇ ਕਾਲਜ ਕੌਂਸਲ ਮੈਂਬਰ ਪ੍ਰੋਫੈਸਰ ਲਵਲੀਨ ਪਰਮਾਰ, ਡਾ. ਅੰਮ੍ਰਿਤ ਸਮਰਾ ਅਤੇ ਇਤਿਹਾਸ ਵਿਭਾਗ ਦੀ ਸਮੁੱਚੀ ਅਧਿਆਪਕ ਫੈਕਲਟੀ ਤੋਂ ਇਲਾਵਾ ਕਾਲਜ ਦੇ ਹੋਰਨਾਂ ਵਿਭਾਗਾਂ ਤੋਂ ਪ੍ਰੋਫੈਸਰ ਸਾਹਿਬਾਨਾਂ ਨੇ ਸ਼ਮੁਲੀਅਤ ਕੀਤੀ। ਅਖੀਰ ਵਿੱਚ ਇਤਿਹਾਸ ਵਿਭਾਗ ਦੇ ਪ੍ਰੋ. ਡਾ. ਕਿਰਨਜੀਤ ਕੌਰ ਨੇ ਵਿਦਿਅਰਥੀਆਂ ਤੇ ਹੋਰਨਾਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।