ਜ਼ਿਲ੍ਹੇ ਅੰਦਰ ਮਾਨਸੂਨ ਸੀਜ਼ਨ ਦੌਰਾਨ ਪੰਜ ਲੱਖ ਪੌਦੇ ਲਗਾਉਣ ਦਾ ਟੀਚਾ ਨਿਰਧਾਰਿਤ – ਡਾ ਪੱਲਵੀ

ਮਾਲੇਰਕੋਟਲਾ 16 ਜੁਲਾਈ :

                  ਜ਼ਿਲ੍ਹੇ ਨੂੰ ਹਰਿਆ-ਭਰਿਆ, ਸੁੰਦਰ ਬਣਾਉਣ ਅਤੇ ਵਾਤਾਵਰਨ ਦੀ ਸੰਭਾਲ ਤੇ ਸ਼ੁੱਧਤਾ ਲਈ ਆਉਣ ਵਾਲੇ ਮਾਨਸੂਨ ਸੀਜ਼ਨ ਦੌਰਾਨ ਜ਼ਿਲ੍ਹੇ ਅੰਦਰ ਵੱਖ-ਵੱਖ ਵਿਭਾਗਾਂ ਅਧੀਨ ਆਉਂਦੀਆਂ ਸਰਕਾਰੀ/ ਗ਼ੈਰ ਸਰਕਾਰੀ ਜ਼ਮੀਨਾਂ ’ਤੇ ਪੰਜ ਲੱਖ ਪੌਦੇ ਲਗਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ ਤਾਂ ਜੋ ਅਸੀਂ ਆਪਣੀਆਂ ਆਉਂਣ ਵਾਲੀਆਂ ਪੀੜੀਆਂ ਨੂੰ  ਸਾਫ ਸੁਥਰੇ ਵਾਤਾਵਰਣ ਦੀ ਸੁਗਾਤ ਦੇ ਸਕੀਏ । ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆ ਕੀਤਾ ।

          ਸਵੱਛ ਅਤੇ ਹਰਿਆ-ਭਰਿਆ ਜ਼ਿਲ੍ਹਾ ਬਣਾਉਣ ਲਈ ਪ੍ਰਸਾਸ਼ਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਾ ਪੱਲਵੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਮਾਨਸੂਨ ਸੀਜ਼ਨ ਦੌਰਾਨ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਸਪਰਪਨ ਦੀ ਭਾਵਨਾਂ ਨਾਲ ਅੱਗੇ ਆਉਂਣਾ ਚਾਹੀਦਾ ਹੈ ਜੋ ਕਿ ਸਮੇਂ ਦੀ ਲੋੜ ਹੈ। ਜੇ ਅਸੀਂ ਹੁਣ ਵੀ ਵਾਤਾਵਰਣ ਦੀ ਸਾਂਭ ਸੰਭਾਲ ਲਈ ਸੁਚੇਤ ਨਹੀਂ ਹੋਏ ਤਾਂ ਸਾਨੂੰ ਬਹੁਤ ਵੱਡਾ ਖਾਮਿਆਜਾ ਭੁਗਤਣਾ ਪੈਣਾ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਨੋਬਲ ਉਪਰਾਲੇ ਲਈ ਅੱਗੇ ਆਉਣ ਦਾ ਸੱਦਾ ਵੀ ਦਿੱਤਾ ਤੇ ਕਿਹਾ ਕਿ ਸਾਨੂੰ ਪੌਦੇ ਲਗਾਉਣ ਲਈ ਤਰਜੀਹੀ ਤੌਰ ’ਤੇ ਚਾਰਦੀਵਾਰੀ ਵਾਲੀਆਂ ਥਾਵਾਂ ਜਿਵੇਂ ਵਿਦਿਅਕ ਸੰਸਥਾਵਾਂ, ਪੇਂਡੂ ਡਿਸਪੈਂਸਰੀਆਂ, ਆਮ ਆਦਮੀ ਕਲੀਨਿਕਾਂ,ਸਰਕਾਰੀ ਦਫ਼ਤਰਾਂ, ਪਾਰਕਾਂ ਆਦਿ ਦੀ ਚੋਣ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਪੌਦਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ।

             ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਅੰਦਰ ਪੈਂਦੀਆਂ ਨਹਿਰਾਂ ਤੇ ਸੂਇਆਂ ਦੇ ਕੰਢਿਆਂ ਤੇ ਬੂਟੇ ਲਗਾਉਣ ਲਈ ਜਗ੍ਹਾਂ ਦੀ ਸ਼ਨਾਖਤ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਪੈਂਦੀਆਂ ਪ੍ਰਮੁੱਖ ਸੜਕਾਂ ਤੇ ਹੋਰ ਸੰਪਰਕ ਸੜਕਾਂ ਤੇ ਬੂਟੇ ਲਗਾਏ ਜਾਣ ।  ਉਨ੍ਹਾਂ ਹੋਰ ਕਿਹਾ ਕਿ ਸਿੱਖਿਆ ਵਿਭਾਗ ਰਾਹੀਂ ਸਕੂਲਾਂ ਅੰਦਰ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ ਤਾਂ ਜੋ ਸਕੂਲਾਂ ਅੰਦਰ ਪੜ੍ਹਨ ਆਉਂਦੇ ਬੱਚਿਆਂ ਨੂੰ ਸਵੱਛ ਵਾਤਾਵਰਣ ਮੁਹੱਈਆ ਹੋ ਸਕੇ।

         ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡਾਂ ਦੀਆਂ ਖਾਲੀ ਪਈਆਂ ਪੰਚਾਇਤੀ ਜ਼ਮੀਨਾਂ, ਖੇਡ ਮੈਦਾਨਾਂ ਅੰਦਰ ਵੀ ਬੂਟੇ ਲਗਾਏ ਜਾਣਗੇ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਬੂਟੇ ਲਗਾਉਣ ਲਈ ਜਾਗਰੂਕ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਅੰਦਰ ਵੱਧ ਤੋਂ ਵੱਧ ਬੂਟੇ ਲਗਾਏ ਜਾ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾਵੇ।

          ਜ਼ਿਲ੍ਹਾ ਜੰਗਲਾਤ ਅਫ਼ਸਰ ਡਾ ਮੋਨਿਕਾ ਦੇਵੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਲਗਾਏ ਜਾਣ ਵਾਲੇ 05 ਲੱਖ ਪੌਦਿਆਂ ਵਿੱਚੋਂ ਢਾਲੀ ਲੱਖ ਪੌਦੇ ਜੰਗਲਾਤ ਵਿਭਾਗ ਵਲੋਂ ਗ੍ਰੀਨ ਪੰਜਾਬ ਮਿਸ਼ਨ ਤਹਿਤ ਲਗਾਏ ਜਾਣਗੇ ਅਤੇ ਬਾਕੀ 02 ਲੱਖ 50 ਹਜਾਰ ਪੌਦੇ  ਜ਼ਿਲ੍ਹਾ ਪ੍ਰਸਾਸ਼ਨ  ਵਲੋਂ ਸਰਕਾਰੀ/ਗੈਰ ਸਰਕਾਰੀ ਜ਼ਮੀਨਾਂ ’ਤੇ ਲਗਾਏ ਜਾਣਗੇ । ਜਿਨ੍ਹਾਂ ਵਿਚੋਂ ਇੱਕ ਲੱਖ ਪੌਦੇ ਜ਼ਿਲ੍ਹੇ ਦੀਆਂ ਲਿੰਕ ਸੜਕਾਂ ਤੇ, 70 ਹਜਾਰ ਪੌਦੇ ਦਿੱਲੀ-ਕੱਟੜਾ ਹਾਈਵੇ ਤੇ , 50 ਹਜਾਰ ਪੌਦੇ ਐਗਰੋ ਫੋਰਸਟਰੀ ਤਹਿਤ ਅਤੇ ਬਾਕੀ ਰਹਿੰਦੇ ਪੌਦੇ ਸੀ.ਏ/ਏ.ਸੀ.ਏ. ਸਕੀਮ ਤਹਿਤ ਲਗਾਏ ਜਾਣਗੇ । ਉਨ੍ਹਾਂ ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਵੱਖ ਵੱਖ ਵਿਭਾਗਾਂ ਵਲੋਂ ਦਿੱਤੀ ਪੌਦਿਆਂ ਦੀ ਮੰਗ ਤੋਂ ਅਵਗਤ ਕਰਵਾਇਆ । ਉਨ੍ਹਾਂ ਦੱਸਿਆ ਕਿ ਪੌਦੇ ਵਣ ਵਿਭਾਗ ਵੱਲੋਂ ਉਪਲੱਬਧ ਕਰਵਾਏ ਜਾਣਗੇ ਅਤੇ ਸਾਂਭ-ਸੰਭਾਲ ਸਬੰਧੀ ਤਕਨੀਕੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰੀ ਵਿਭਾਗਾਂ, ਪੰਚਾਇਤਾਂ, ਐਨ.ਜੀ.ਓ. ਆਦਿ ਨੂੰ ਇਹ ਪੌਦੇ ਸਰਕਾਰੀ ਨਰਸਰੀਆਂ ਤੋਂ ਬਿਲਕੁਲ ਮੁਫ਼ਤ ਉਪਲੱਬਧ ਕਰਵਾਏ ਜਾਣਗੇ।

             ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਹਰਬੰਸ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀਮਤੀ ਰਿੰਪੀ ਗਰਗ, ਰੇਜ ਅਫ਼ਸਰ ਜੰਗਲਾਤ ਵਿਭਾਗ ਸ੍ਰੀ ਇਕਬਹਲ ਸਿੰਘ, ਨਾਇਬ ਤਹਿਸ਼ੀਲਦਾਰ ਸ੍ਰੀ ਜਗਦੀਪ ਇੰਦਰ ਸਿੰਘ  ਸੋਢੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।

Leave a Reply

Your email address will not be published. Required fields are marked *