ਪਟਿਆਲਾ, 5 ਅਪ੍ਰੈਲ (ਆਪਣਾ ਪੰਜਾਬੀ ਡੈਸਕ): ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੀਪ ਮੁਹਿੰਮ ਵਿੱਚ ਤੇਜ਼ੀ ਲਿਆਉਂਦਿਆਂ ਇਸ ਵਾਰ ਜ਼ਿਲ੍ਹਾ ਪਟਿਆਲਾ ਦੀ 70 ਫ਼ੀਸਦੀ ਤੋਂ ਵਧ ਵੋਟਾਂ ਦੇ ਟੀਚੇ ਦੀ ਤਿਆਰੀ ਨੂੰ ਲੈ ਕੇ ਸਕੂਲਾਂ/ਕਾਲਜਾਂ ਵਿੱਚ ਚੋਣ ਸਾਖਰਤਾ ਕਲੱਬਾਂ ਦੇ ਮੈਂਬਰਾਂ ਵੱਲੋਂ ਘਰ-ਘਰ ਜਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ ਅਧੀਨ ਜ਼ਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ ਵਿਚ ਚੋਣ ਸਾਖਰਤਾ ਕਲੱਬ ਸਥਾਪਿਤ ਕੀਤੇ ਗਏ ਹਨ ਅਤੇ ਇਨ੍ਹਾਂ ਕਲੱਬਾਂ ਵੱਲੋਂ ਸੰਸਥਾਵਾਂ ਵਿੱਚ ਵੋਟਰ ਜਾਗਰੂਕਤਾ ਸਬੰਧੀ ਵੱਖ ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਵੱਲੋਂ ਜਾਰੀ ਕੀਤੇ ਅਪ੍ਰੈਲ ਮਹੀਨੇ ਦੇ ਸਵੀਪ ਗਤੀਵਿਧੀਆਂ ਦੇ ਕਲੰਡਰ ਅਨੁਸਾਰ ਇਨ੍ਹਾਂ ਕਲੱਬਾਂ ਦੇ ਨੋਡਲ ਅਫ਼ਸਰ ਅਤੇ ਮੈਂਬਰਾਂ ਵੱਲੋਂ ਵੱਖ-ਵੱਖ ਗਤੀਵਿਧੀਆਂ (ਪੋਸਟਰ, ਸਲੋਗਨ, ਮਹਿੰਦੀ, ਹਿਊਮਨ ਚੈਨ ਅਤੇ ਵੋਟਰ ਪ੍ਰਣ ਆਦਿ) ਕਰਵਾ ਕੇ ਚੋਣਾਂ ਵਿੱਚ ਵੋਟਰਾਂ ਦੀ 100 ਫ਼ੀਸਦੀ ਭਾਗੀਦਾਰੀ ਨੂੰ ਲੈ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਨਾਲ ਹੀ ਚੋਣ ਸਾਖਰਤਾ ਕਲੱਬਾਂ ਦੇ ਮੈਂਬਰਾਂ (ਵਿਦਿਆਰਥੀ) ਵੱਲੋਂ ਪੋਲਿੰਗ ਬੂਥਾਂ ਨੂੰ ਅਡਾਪਟ ਕਰਕੇ ਆਪਣੇ ਨੇੜਲੇ ਘਰਾਂ ਵਿੱਚ ਜਾ ਕੇ ਵੋਟਰਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਵਾਰ 70 ਫ਼ੀਸਦੀ ਤੋਂ ਪਾਰ ਵੋਟਿੰਗ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ।
ਜ਼ਿਲ੍ਹਾ ਸਵੀਪ ਟੀਮ ਵੱਲੋਂ ਨੋਡਲ ਅਫ਼ਸਰ ਡਾ ਸਵਿੰਦਰ ਸਿੰਘ ਰੇਖੀ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਘੱਟ ਵੋਟ ਪ੍ਰਤੀਸ਼ਤ ਵਾਲੇ ਪੋਲਿੰਗ ਬੂਥਾ ’ਤੇ ਜਾ ਕੇ ਇਲਾਕੇ ਵਿਚ ਵਧ ਵੋਟਿੰਗ ਲਈ ਸੰਸਥਾਵਾਂ ਦੇ ਚੋਣ ਸਾਖਰਤਾ ਕਲੱਬਾਂ ਨਾਲ ਸਵੀਪ ਗਤੀਵਿਧੀਆਂ ਵਿਚ ਤੇਜ਼ੀ ਲਿਆਉਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਚੋਣ ਸਾਖਰਤਾ ਕਲੱਬਾਂ ਦੇ 18 ਸਾਲ ਤੋਂ ਘਟ ਭਵਿਖ ਦੇ ਵੋਟਰਾਂ ਨੂੰ ਅਗਾਮੀ ਲੋਕ ਸਭਾ ਚੋਣਾ ਵਿਚ ਬੂਥਾ ਤੇ ਵਲੰਟੀਅਰ ਵਜੋਂ ਸੇਵਾਵਾਂ ਅਤੇ ਵੋਟਿੰਗ ਪ੍ਰਤੀਸ਼ਤ ਵਧਾਉਣ ਲਈ ਆਪਣੇ ਸਕੂਲਾਂ ਅਤੇ ਨੇੜਲੇ ਗੁਆਂਢ ਵਿਚ ਵੋਟਰ ਚੇਤਨਾ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।