-ਕਿਹਾ, ਸਿੱਖਿਆ ਮਾਨ ਸਰਕਾਰ ਦੀ ਮੁਢਲੀ ਤਰਜੀਹ, ਸਰਕਾਰੀ ਸਕੂਲ ਬਿਹਤਰ ਸਿੱਖਿਆ ਦੇ ਕੇਂਦਰ ਬਣੇ
ਸਮਾਣਾ, 7 ਫਰਵਰੀ:
ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਸਿੱਖਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ, ਇਸੇ ਲਈ ਅੱਜ ਪੰਜਾਬ ਦੇ ਸਰਕਾਰੀ ਸਕੂਲ ਬਿਹਤਰ ਸਿੱਖਿਆ ਦੇ ਕੇਂਦਰ ਬਣ ਗਏ ਹਨ।
ਕੈਬਨਿਟ ਮੰਤਰੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਮੀਨੈਂਸ ਸਕੂਲਾਂ ਦੇ ਵਿਦਿਆਰਥੀਆਂ ਲਈ ਬੱਸਾਂ ਚਲਾਉਣ ਦੇ ਕੀਤੇ ਗਏ ਐਲਾਨ ਮੁਤਾਬਕ ਸ਼ਹੀਦ ਫਲਾਇਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਸਕੂਲ ਆਫ਼ ਐਮੀਨੈਂਸ ਸਮਾਣਾ ਦੇ ਵਿਦਿਆਰਥੀਆਂ ਨੂੰ ਸਕੂਲ ਲਿਆਉਣ ਤੇ ਵਾਪਸ ਛੱਡਣ ਲਈ ਚਲਾਈ ਗਈ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰ ਰਹੇ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਵੱਡੇ ਪੱਧਰ ‘ਤੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ‘ਚ ‘ਸਕੂਲ ਆਫ ਐਮੀਨੈਂਸ’ ਸਥਾਪਤ ਕੀਤੇ ਤੇ ਪਹਿਲੇ ਸਾਲ ਦੌਰਾਨ ਇਨ੍ਹਾਂ ‘ਚ 8358 ਵਿਦਿਆਰਥੀ ਦਾਖਲ ਹੋਏ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਬੁਨਿਆਦੀ ਢਾਂਚੇ ਤੇ ਖੇਡਾਂ ਦੀਆਂ ਸਹੂਲਤਾਂ ਦੇ ਵਿਕਾਸ ਲਈ 200 ਕਰੋੜ ਰੁਪਏ ਰੱਖੇ ਗਏ ਹਨ, ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਸਮਾਣਾ ਦੇ ਸ਼ਹੀਦ ਫਲਾਇਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਦੀ ਅਮਿਟ ਯਾਦ ਸਦਾ ਕਾਇਮ ਰਹੇਗੀ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ਹੀਦ ਮੋਹਿਤ ਗਰਗ ਦੀ ਸ਼ਹਾਦਤ ਤੋਂ ਪ੍ਰੇਰਣਾ ਹਾਸਲ ਕਰਨਗੀਆਂ।
ਸਕੂਲ ਦੇ ਪ੍ਰਿੰਸੀਪਲ ਹਰਜੋਤ ਕੌਰ ਨੇ ਦੱਸਿਆ ਕਿ 9ਵੀਂ ਤੇ 11ਵੀਂ ਜਮਾਤ ‘ਚ ਦਾਖਲ ਹੋਏ ਵਿਦਿਆਰਥੀਆਂ ਲਈ ਚਲਾਈ ਗਈ ਇਹ ਬੱਸ ਦੋ ਰੂਟਾਂ ‘ਤੇ ਜਾਵੇਗੀ ਤੇ ਇਸ ਵਿੱਚ 31 ਵਿਦਿਆਰਥੀ ਆਉਣਗੇ ਤੇ ਜਲਦੀ ਹੀ ਦੋ ਹੋਰ ਬੱਸਾਂ ਵੀ ਚਲਾਉਣ ਦੀ ਤਜਵੀਜ ਹੈ।
ਸਮਾਰੋਹ ਮੌਕੇ ਸ਼ਹੀਦ ਦੇ ਪਿਤਾ ਸੁਰਿੰਦਰਪਾਲ ਗਰਗ ਤੇ ਭਰਾ ਅਸ਼ਵਨੀ ਗਰਗ, ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਸੁਰਜੀਤ ਸਿੰਘ ਦਹੀਆ, ਮਦਨ ਮਿੱਤਲ, ਦੀਪਕ ਵਧਵਾ, ਸੁਰਜੀਤ ਸਿੰਘ ਫ਼ੌਜੀ, ਟਰਾਂਸਪੋਰਟ ਦੇ ਇੰਚਾਰਜ ਲੈਕਚਰਾਰ ਕ੍ਰਿਸ਼ਨ ਵੋਹਰਾ, ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।