ਪਟਿਆਲਾ ਹੈਰੀਟੇਜ ਮੇਲੇ ਦੇ ਸਮਾਗਮ 2 ਫਰਵਰੀ ਤੋਂ-ਸ਼ੌਕਤ ਅਹਿਮਦ ਪਰੈ

-ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ, ਸਮੂਹ ਪਟਿਆਲਵੀਆਂ ਨੂੰ ਪਟਿਆਲਾ ਹੈਰੀਟੇਜ ਫੈਸਟੀਵਲ ਦਾ ਹਿੱਸਾ ਬਣਨ ਦਾ ਸੱਦਾ, ਐਂਟਰੀ ਫਰੀ, ਕੋਈ ਟਿਕਟ ਨਹੀਂ
-2 ਤੇ 3 ਫਰਵਰੀ ਨੂੰ ਖ਼ਾਲਸਾ ਕਾਲਜ ‘ਚ ਮਿਲਟਰੀ ਲਿਟਰੇਚਰ ਫੈਸਟੀਵਲ ਤੇ ਕਿਲਾ ਮੁਬਾਰਕ ‘ਚ ਹੋਣਗੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ
-4 ਫਰਵਰੀ ਨੂੰ ਬਾਰਾਂਦਰੀ ਬਾਗ ਦੀ ਵਿਰਾਸਤੀ ਸੈਰ ਤੇ ਸ਼ਾਮ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਪੌਪ ਸ਼ੋਅ ‘ਚ ਗੁਰਨਾਮ ਭੁੱਲਰ ਦੀ ਗਾਇਕੀ ਬਿਖੇਰੇਗੀ ਰੰਗ
ਪਟਿਆਲਾ, 1 ਫਰਵਰੀ:
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਸਮੂਹ ਪੰਜਾਬੀਆਂ ਤੇ ਖਾਸ ਕਰਕੇ ਪਟਿਆਲਵੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ 2 ਫਰਵਰੀ ਤੋਂ ਸ਼ੁਰੂ ਹੋ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਵੱਖ-ਵੱਖ ਸਮਾਗਮਾਂ ਦਾ ਲਾਜਮੀ ਹਿੱਸਾ ਬਣਕੇ ਇਨ੍ਹਾਂ ਦਾ ਆਨੰਦ ਜਰੂਰ ਮਾਨਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਕੋਈ ਦਾਖਲਾ ਟਿਕਟ ਨਹੀਂ ਸਗੋਂ ਐਂਟਰੀ ਫਰੀ ਹੈ।
ਹੈਰੀਟੇਜ ਮੇਲੇ ਦੀਆਂ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਅੰਤਮ ਛੋਹਾਂ ਦਾ ਜਾਇਜ਼ਾ ਲੈਂਦਿਆਂ ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਰੰਭੇ ਯਤਨਾਂ ਤਹਿਤ ਪਟਿਆਲਾ ਹੈਰੀਟੇਜ਼ ਮੇਲਾ ਕਰਵਾਇਆ ਜਾ ਰਿਹਾ ਹੈ।
ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ 2 ਫਰਵਰੀ ਨੂੰ ਸਵੇਰੇ ਖਾਲਸਾ ਕਾਲਜ ਵਿਖੇ ਪਟਿਆਲਾ ਲਿਟਰੇਚਰ ਤੇ ਮਿਲਟਰੀ ਲਿਟਰੇਚਰ ਫੈਸਟੀਵਲ ਸ਼ੁਰੂ ਹੋਵੇਗਾ ਤੇ ਸ਼ਾਮ ਨੂੰ ਕਿਲ੍ਹਾ ਮੁਬਾਰਕ ਵਿਖੇ ਸ਼ਾਸ਼ਤਰੀ ਸੰਗੀਤ ਦੀ ਸ਼ਾਮ ਵਿੱਚ ਪਟਿਆਲਾ ਵਿਖੇ ਪਹਿਲੀ ਵਾਰ ਭਾਰਤੀ ਕਲਾ ਕੇਂਦਰ ਵੱਲੋਂ ਮੀਰਾ ‘ਤੇ ਅਧਾਰਤ ਸ਼ਾਸਤਰੀ ਨਾਚ ਬੈਲੇ ਅਤੇ ਪੰਡਿਤ ਸੁਭੇਂਦਰ ਰਾਓ ਅਤੇ ਸਸਕਿਆ ਰਾਓ ਵੱਲੋਂ ਸਿਤਾਰ ਅਤੇ ਸੈਲੋ ਵਾਦਨ ਦੀ ਪੇਸ਼ਕਾਰੀ ਦਿੱਤੀ ਜਾਵੇਗੀ।
3 ਫਰਵਰੀ ਨੂੰ ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਸ਼ਾਨਦਾਰ ਪ੍ਰੋਗਰਾਮਾਂ ਸਮੇਤ ਸ਼ਾਮ 6 ਵਜੇ ਗਵਾਲੀਅਰ ਘਰਾਣੇ ਦੇ ਪੰਡਿਤ ਲਕਸ਼ਮਣ ਕ੍ਰਿਸ਼ਨਾ ਰਾਓ ਅਤੇ ਮੀਤਾ ਪੰਡਿਤ ਵੱਲੋਂ ਸ਼ਾਸਤਰੀ ਗਾਇਨ ਹੋਵੇਗਾ ਅਤੇ ਨਜ਼ੀਰ ਅਹਿਮਦ ਕਵਾਲ ਵੱਲੋਂ ਨਾਤੀਆ ਕਵਾਲੀ ਗਾਇਨ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 4 ਫਰਵਰੀ ਨੂੰ ਸਵੇਰੇ 10 ਵਜੇ ਬਾਰਾਂਦਰੀ ਬਾਗ ਵਿਖੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਬਾਰਦਰੀ ਗਾਰਡਨ ਵਾਕ ਕਰਵਾਈ ਜਾਵੇਗੀ। ਇੱਥੇ ਪਟਿਆਲਾ ਸਵੈ ਸਹਾਇਤਾ ਗਰੁੱਪਾਂ ਦੀ ਦਸਤਕਾਰੀ ਦੀ ਨੁਮਾਇਸ਼, ਫੂਡ ਫੈਸਟੀਵਲ ਵਿੱਚ ਪਟਿਆਲਾ ਦੇ ਵਿਰਾਸਤੀ ਖਾਣੇ ਉਪਲਬੱਧ ਹੋਣਗੇ।
ਇਸੇ ਸ਼ਾਮ 6 ਵਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਗੁਰਨਾਮ ਭੁੱਲਰ ਵੱਲੋਂ ਪੌਪ ਸ਼ੋਅ ‘ਚ ਆਪਣੀ ਗਾਇਕੀ ਦੇ ਰੰਗ ਬਿਖੇਰੇ ਜਾਣਗੇ। ਜਦਕਿ 10 ਫਰਵਰੀ ਨੂੰ ਹੈਰੀਟੇਜ ਵਾਕ ਤਹਿਤ ਕਿਲਾ ਮੁਬਾਰਕ ਵਿਖੇ ਵਿਰਾਸਤੀ ਸੈਰ ਅਤੇ ਪਟਿਆਲਾ ਹੈਰੀਟੇਜ ਉਤਸਵ ਦੇ ਅਖੀਰ ਵਿੱਚ 11 ਫਰਵਰੀ ਨੂੰ ਪੋਲੋ ਗਰਾਊਂਡ ਵਿਖੇ ਪਟਿਆਲਾ ਕੈਨਲ ਕਲੱਬ ਵੱਲੋਂ 60ਵੇਂ ਤੇ 61ਵੇਂ ਆਲ ਬਰੀਡ ਚੈਂਪਅਨਸ਼ਿਪ ਤਹਿਤ ਡਾਗ ਸ਼ੋਅ ਕਰਵਾਇਆ ਜਾਵੇਗਾ।
ਮੀਟਿੰਗ ‘ਚ ਐਸ.ਪੀ. ਸਰਫਰਾਜ ਆਲਮ, ਏ.ਡੀ.ਸੀਜ਼ ਅਨੁਪ੍ਰਿਤਾ ਜੌਹਲ ਤੇ ਨਵਰੀਤ ਕੌਰ ਸੇਖੋਂ, ਸਕੱਤਰ ਆਰ.ਟੀ.ਏ. ਨਮਨ ਮਾਰਕੰਨ, ਪਟਿਆਲਾ ਫਾਊਡੇਸ਼ਨ ਤੋਂ ਰਵੀ ਆਹਲੂਵਾਲੀਆ, ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਐਸ.ਡੀ.ਐਮਜ ਡਾ. ਇਸਮਤ ਵਿਜੇ ਸਿੰਘ, ਚਰਨਜੀਤ ਸਿੰਘ, ਜਸਲੀਨ ਕੌਰ ਭੁੱਲਰ ਤੇ ਤਰਸੇਮ ਚੰਦ, ਡੀ.ਐਫ਼.ਐਸ.ਸੀ ਰਵਿੰਦਰ ਕੌਰ, ਏ.ਸੀ.ਐਫ.ਏ. ਰਾਕੇਸ਼ ਕੁਮਾਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *