-ਕਿਹਾ, ਪੰਜਾਬ ਸਰਕਾਰ ਦੇ ਚੰਗੇ ਯਤਨਾਂ ਤੇ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਲਿਜਾਵੇ ਮੀਡੀਆ
-ਜਗਜੀਤ ਸਿੰਘ ਦਰਦੀ ਵੱਲੋਂ ਕਰਵਾਈ 11ਵੀਂ ਸਾਲਾਨਾ ਜਰਨਲਿਸਟ ਕਾਨਫਰੰਸ ‘ਚ ਕੀਤੀ ਸ਼ਿਰਕਤ
ਪਟਿਆਲਾ, 19 ਜਨਵਰੀ:
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਾਂਝੇ ਤੌਰ ‘ਤੇ ਮੀਡੀਆ ਨੂੰ ਸੱਦਾ ਦਿੱਤਾ ਹੈ ਕਿ ਮੀਡੀਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਅਰੰਭੇ ਯਤਨਾਂ ਨੂੰ ਸਫ਼ਲ ਬਣਾਉਣ ਵਿੱਚ ਡੱਟਕੇ ਆਪਣਾ ਸਾਥ ਦੇਵੇ।
ਪਟਿਆਲਾ ਵਿਖੇ ਚੜ੍ਹਦੀਕਲਾ ਟਾਈਮ ਟੀ.ਵੀ. ਦੇ ਚੇਅਰਮੈਨ ਪਦਮਸ੍ਰੀ ਜਗਜੀਤ ਸਿੰਘ ਦਰਦੀ ਵੱਲੋਂ ਅੱਜ ਕਰਵਾਈ 11ਵੀਂ ਸਾਲਾਨਾ ਜਰਨਲਿਸਟ ਕਾਨਫਰੰਸ ਮੌਕੇ ਸ਼ਿਰਕਤ ਕਰਦਿਆਂ ਕੈਬਨਿਟ ਮੰਤਰੀਆਂ ਡਾ. ਬਲਬੀਰ ਸਿੰਘ ਤੇ ਚੇਤਨ ਸਿੰਘ ਜੌੜਾਮਾਜਰਾ ਨੇ ਚੜ੍ਹਦੀਕਲਾ ਅਦਾਰੇ ਨਾਲ ਜੁੜੇ ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਰਾਜਾਂ ਤੋਂ ਆਏ ਪੱਤਰਕਾਰਾਂ ਨੂੰ ਪੱਤਰਕਾਰਤਾ ਦੇ ਖੇਤਰ ‘ਚ ਉੱਘਾ ਯੋਗਦਾਨ ਪਾਉਣ ਬਦਲੇ ਸਨਮਾਨਤ ਵੀ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਆਖਿਆ ਕਿ ਬਲੈਕਮੇਲਿੰਗ ਕਰਨ ਵਾਲੇ ਕੁਝ ਕੁ ਲੋਕਾਂ ਨੇ ਪੱਤਰਕਾਰਤਾ ਦਾ ਅਕਸ ਵਿਗਾੜਿਆ ਹੈ ਪਰੰਤੂ ਚੰਗਾ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਅਜਿਹੇ ਪੱਤਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਾਥ ਦੇਵੇ ਤਾਂ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ।
ਕੈਬਨਿਟ ਮੰਤਰੀ ਜੌੜਾਮਾਜਰਾ ਨੇ ਵਿਦੇਸ਼ਾਂ ‘ਚ ਜਾ ਰਹੇ ਨੌਜਵਾਨਾਂ ਸਮੇਤ ਨਸ਼ਿਆਂ ਦੀ ਦਲਦਲ ‘ਚ ਧਸਦੇ ਜਾ ਰਹੀ ਜਵਾਨੀ ਅਤੇ ਸਮਾਜਿਕ ਬੁਰਾਈਆਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੱਦਾ ਦਿੱਤਾ ਕਿ ਮੀਡੀਆ ਇਸ ਪਾਸੇ ਵੀ ਸਾਰਥਿਕ ਕੰਮ ਕਰੇ ਤਾਂ ਕਿ ਸਾਡੇ ਪੰਜਾਬ ਲਈ ਦਿਨ ਰਾਤ ਇੱਕ ਕਰ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨ ਸਫ਼ਲ ਹੋ ਸਕਣ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੀਡੀਆ ਸਮਾਜ ਤੇ ਵੱਡੇ ਲੋਕਾਂ ਲਈ ਸ਼ੀਸ਼ੇ ਦਾ ਕੰਮ ਕਰਦਾ ਹੈ ਪਰੰਤੂ ਅਜੋਕੇ ਦੌਰ ‘ਚ ਪੁਰਾਣੇ ਸਮੇਂ ਦੀ ਪੱਤਰਕਾਰਤਾ ਨਹੀਂ ਰਹੀ ਤੇ ਖੋਜੀ ਪੱਤਰਕਾਰਤਾ ਵੀ ਅਲੋਪ ਹੋ ਰਹੀ ਹੈ। ਇਸ ਲਈ ਮੀਡੀਆ ਜੇਕਰ ਆਪਣੀ ਉਸਾਰੂ ਭੂਮਿਕਾ ਨਿਭਾਉਣ ਲਈ ਰੋਜ਼ਾਨਾ ਆਪਣੇ ਆਪ ‘ਤੇ ਨਜ਼ਰ ਮਾਰੇ ਤਾਂ ਨਸ਼ਿਆਂ ਸਮੇਤ ਸਮਾਜਿਕ ਬੁਰਾਈਆਂ ਦਾ ਖਾਤਮਾ ਵੀ ਹੋ ਸਕਦਾ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ, ਸੀ.ਐਮ. ਦੀ ਯੋਗਸ਼ਾਲਾ ਤੇ ਰਾਜ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਹਸਪਤਾਲਾਂ ਦੀ ਕੀਤੀ ਕਾਇਆਂ ਕਲਪ ਅਤੇ ਹਾਦਸਿਆਂ ਦੇ ਪੀੜਤਾਂ ਲਈ ਰਾਹਤ ਸਕੀਮ ਫਰਿਸਤੇ ਸ਼ੁਰੂ ਕਰਨ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ‘ਚ ਫਸੇ ਲੋਕਾਂ ਨੂੰ ਕੱਢਣ ਲਈ ਉਨ੍ਹਾਂ ਦੇ ਹੁਨਰ ਵਿਕਾਸ ਜਰੀਏ ਯਤਨ ਕਰ ਰਹੀ ਹੈ ਅਤੇ ਅਜਿਹੇ ਯਤਨਾਂ ਨੂੰ ਵੀ ਉਭਾਰਨਾ ਚਾਹੀਦਾ ਹੈ।
ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਪੰਨੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਰਾਜਨੀਤਿਕ ਆਗੂਆਂ ਤੇ ਪੱਤਰਕਾਰਾਂ ਦੀ ਭਰੂਣ ਹੱਤਿਆ ਕੀਤੀ ਹੈ ਕਿਉਂਕਿ ਉਨ੍ਹਾਂ ਨੇ ਕਿਸੇ ਚੰਗੇ ਪੱਤਰਕਾਰ ਤੇ ਚੰਗੇ ਆਗੂ ਨੂੰ ਪੈਦਾ ਹੀ ਨਹੀਂ ਹੋਣ ਦਿੱਤਾ, ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਸਮੇਂ ਮੀਡੀਆ ਵੀ ਆਜ਼ਾਦ ਹੈ ਅਤੇ ਨਵੇਂ ਆਗੂ ਵੀ ਪੈਦਾ ਹੋ ਰਹੇ ਹਨ।
ਚੜ੍ਹਦੀਕਲਾ ਦੇ ਚੇਅਰਮੈਨ ਪਦਮਸ੍ਰੀ ਜਗਜੀਤ ਸਿੰਘ ਦਰਦੀ ਨੇ ਸਵਾਗਤੀ ਸ਼ਬਦ ਆਖਦਿਆਂ ਅਦਾਰਾ ਚੜ੍ਹਦੀਕਲਾ ਦੇ ਸਫ਼ਰ ਤੇ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਬਾਰੇ ਚਾਨਣਾ ਪਾਇਆ। ਜਗਜੀਤ ਸਿੰਘ ਦਰਦੀ ਨੇ ਇਸ ਸਾਲਾਨਾ ਕਾਨਫਰੰਸ ਕਰਵਾਉਣ ਦੇ ਉਦੇਸ਼ ਦਾ ਜਿਕਰ ਵੀ ਬਾਖੂਬੀ ਕੀਤਾ। ਮੰਚ ਸੰਚਾਲਨ ਪ੍ਰੋ. ਐਚ.ਪੀ.ਐਸ. ਵਾਲੀਆ ਨੇ ਕੀਤਾ ਤੇ ਮੀਡੀਆ ਦੀ ਅਜੋਕੀ ਭੂਮਿਕਾ ਬਾਰੇ ਚਰਚਾ ਕੀਤੀ। ਇਸ ਮੌਕੇ ਮੈਡਮ ਜਸਵਿੰਦਰ ਕੌਰ ਦਰਦੀ, ਹਰਪ੍ਰੀਤ ਸਿੰਘ ਦਰਦੀ ਤੇ ਡਾ. ਇੰਦਰਪ੍ਰੀਤ ਕੌਰ ਦਰਦੀ, ਅੰਮ੍ਰਿਤਪਾਲ ਸਿੰਘ ਨੇ ਵੀ ਸੰਬੋਧਨ ਕੀਤਾ।
ਕਾਨਫਰੰਸ ‘ਚ ਕਨਵੇਅਰ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਜਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਪ੍ਰਿੰਸੀਪਲ ਜੇ.ਪੀ. ਸਿੰਘ, ਡਾਇਰੈਕਟਰ ਤੇਜਿੰਦਰ ਮਹਿਤਾ, ਜਰਨੈਲ ਸਿੰਘ ਮੰਨੂ, ਬਲਕਾਰ ਸਿੰਘ ਗੱਜੂਮਾਜਰਾ, ਕਰਨਲ ਜੇਵੀ ਸਿੰਘ, ਮੋਹਿਤ ਮਹਿੰਦਰਾ, ਸੰਦੀਪ ਸਿੰਗਲਾ, ਸੁਰਜੀਤ ਸਿੰਘ ਮਿੰਟੂ, ਸੰਦੀਪ ਬੰਧੂ, ਕੁੰਦਨ ਗੋਗੀਆ, ਦਰਸ਼ਨ ਸਿੰਘ ਦਰਸ਼ਕ, ਅਮਰਜੀਤ ਸਿੰਘ ਸਰਤਾਜ ਤੇ ਗੁਰਮੁੱਖ ਸਿੰਘ ਰੁਪਾਣਾ ਸਮੇਤ ਵੱਡੀ ਗਿਣਤੀ ਦੇਸ਼ ਭਰ ‘ਚੋਂ ਪੁੱਜੇ ਪੱਤਰਕਾਰ ਤੇ ਹੋਰ ਪਤਵੰਤੇ ਵੀ ਮੌਜੂਦ ਸਨ।