ਪ੍ਰਨੀਤ ਕੌਰ ਨੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਲਈ ਪੰਜਾਬ ਸਰਕਾਰ ਨੂੰ ਲਤਾੜਿਆ

ਸਾਬਕਾ ਐਮਸੀ ਸੀਮਾ ਸ਼ਰਮਾ ਦੇ ਘਰ ‘ਤੇ ਹੋਇਆ ਘਿਨੌਣਾ ਹਮਲਾ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਵਿਗੜ ਰਹੀ ਸਥਿਤੀ ਦਾ ਇਕ ਵੱਡਾ ਪ੍ਰਮਾਣ ਹੈ: ਐਮ.ਪੀ.ਪਟਿਆਲਾ

ਇਹ ਬਹੁਤ ਹੀ ਸ਼ਰਮਨਾਕ ਹੈ ਕਿ ਪੁਲਿਸ ਅਗਲੇ ਦਿਨ ਤੱਕ ਮੌਕੇ ‘ਤੇ ਨਹੀਂ ਪਹੁੰਚੀ ਅਤੇ ਪਰਿਵਾਰ ਨੂੰ ਕੋਈ ਸੁਰੱਖਿਆ ਪ੍ਰਦਾਨ ਨਹੀਂ ਕੀਤੀ: ਪ੍ਰਨੀਤ ਕੌਰ

ਪਟਿਆਲਾ, 12 ਜਨਵਰੀ
ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਅੱਜ ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਅਫਸੋਸ ਜਤਾਇਆ ਹੈ।

ਸਾਬਕਾ ਐਮ.ਸੀ ਸੀਮਾ ਸ਼ਰਮਾ ਜੀ ਨਾਲ ਉਹਨਾਂ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ ਕਿ, “ਸਾਬਕਾ ਐਮ.ਸੀ ਸੀਮਾ ਸ਼ਰਮਾ ਜੀ ਦੇ ਘਰ ‘ਤੇ ਹੋਇਆ ਇਹ ਭਿਆਨਕ ਹਮਲਾ ਬਹੁਤ ਹੀ ਨਿੰਦਣਯੋਗ ਹੈ। ਘਰ ‘ਤੇ ਹਮਲਾ ਕਰਨ ਵਾਲੇ ਹਮਲਾਵਰਾਂ ਦਾ ਬੇਖੌਫ਼ੀ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ, ਉਹ ਵੀ ਪਟਿਆਲਾ ਦੇ ਸਭ ਤੋਂ ਵੱਧ ਰੁਝੇਵਿਆਂ ਵਿੱਚੋਂ ਇੱਕ ਵਾਲੇ ਇਲਾਕੇ ਤੋਂ। ਇਹ ਬਹੁਤ ਹੀ ਡਰਾਵਣਾ ਹੈ ਕਿ ਕੀਹਨੇ ਆਰਾਮ ਨਾਲ 5-6 ਗੈਂਗਸਟਰ ਆਏ ਅਤੇ ਘਰ ‘ਤੇ ਤਲਵਾਰਾਂ, ਇੱਟਾਂ ਨਾਲ ਹਮਲਾ ਕੀਤਾ ਅਤੇ ਇੱਥੋਂ ਤੱਕ ਕਿ ਘਰ ‘ਤੇ ਗੋਲੀਆਂ ਵੀ ਚਲਾਈਆਂ। ਇਸ ਤੋਂ ਵੀ ਦੁਖਦਾਈ ਅਤੇ ਸ਼ਰਮਨਾਕ ਗੱਲ ਇਹ ਹੈ ਕਿ ਪਰਿਵਾਰ ਅਤੇ ਗੁਆਂਢੀਆਂ ਵੱਲੋਂ ਵਾਰ-ਵਾਰ ਫੋਨ ਕਰਨ ‘ਤੇ ਵੀ ਪੁਲੀਸ ਨਹੀਂ ਆਈ। ਇੰਨਾ ਹੀ ਨਹੀਂ ਮੇਰੇ ਐਸਐਸਪੀ ਨੂੰ ਮੌਕੇ ’ਤੇ ਅਧਿਕਾਰੀਆਂ ਨੂੰ ਭੇਜਣ ਦੇ ਕਹਿਣ ਦੇ ਬਾਵਜੂਦ ਵੀ ਅਗਲੀ ਸਵੇਰ ਤੱਕ ਇੱਕ ਵੀ ਪੁਲੀਸ ਮੁਲਾਜ਼ਮ ਮੌਕੇ ’ਤੇ ਨਹੀਂ ਗਿਆ।”

ਪ੍ਰਨੀਤ ਕੌਰ ਨੇ ਅੱਗੇ ਕਿਹਾ, “ਸੂਬੇ ਵਿੱਚ ਪੂਰੀ ਤਰ੍ਹਾਂ ਨਾਲ ਅਮਨ-ਕਾਨੂੰਨ ਦਾ ਜਨਾਜ਼ਾ ਨਿਕਲਿਆ ਹੋਇਆ ਹੈ। ਕੱਲ੍ਹ ਸੀਮਾ ਸ਼ਰਮਾ ਦੀ ਰਿਹਾਇਸ਼ ‘ਤੇ ਹੋਇਆ ਇਹ ਘਿਨੌਣਾ ਹਮਲਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨਿੱਤ ਹੀ ਵਿਗੜ ਰਹੀ ਹੈ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵੀ ਰੋਜ਼ਾਨਾ ਵੱਧ ਰਹੀਆਂ ਹਨ। ਹਾਲ ਹੀ ਵਿੱਚ ਪਟਿਆਲਾ ਦੇ ਨਵੇਂ ਬੱਸ ਸਟੈਂਡ ਵਿਖੇ ਦੋ ਹਿੰਸਕ ਘਟਨਾਵਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਫਿਰ ਵੀ ਸਰਕਾਰ ਨੇ ਅਮਨ ਕਾਨੂੰਨ ਦੀ ਸਥਿਤੀ ਵੱਲ ਪੂਰੀ ਤਰ੍ਹਾਂ ਨਾਲ ਅੱਖਾਂ ਬੰਦ ਕਰ ਲਈਆਂ ਹਨ।”

ਉਹਨਾਂ ਅੱਗੇ ਕਿਹਾ ਕਿ ਇਹਨਾਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਆਮ ਲੋਕਾਂ ਦਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੋਂ ਵਿਸ਼ਵਾਸ਼ ਉੱਠਦਾ ਜਾ ਰਿਹਾ ਹੈ, ਇੰਝ ਜਾਪਦਾ ਹੈ ਕਿ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਪੂਰੀ ਤਰ੍ਹਾਂ ਫੇਲ ਹੋ ਰਹੀ ਹੈ, ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ। .”

ਕੇਬਲ ਆਪਰੇਟਰਾਂ ਦੇ ਮੁੱਦੇ ‘ਤੇ ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, “ਮੈਂ ਕੇਬਲ ਆਪਰੇਟਰਾਂ ਵਿਰੁੱਧ ਪੁਲਿਸ ਨਾਲ ਮਿਲੀਭੁਗਤ ਕਰਕੇ ਕੀਤੇ ਜਾ ਰਹੇ ਇਸ ਧੱਕੇਸ਼ਾਹੀ ਦੀ ਸਖ਼ਤ ਨਿਖੇਧੀ ਕਰਦੀ ਹਾਂ, ਜੋ ਇਸ ਕਾਰੋਬਾਰ ਰਾਹੀਂ ਇਮਾਨਦਾਰੀ ਨਾਲ ਰੋਜ਼ੀ-ਰੋਟੀ ਕਮਾਉਂਦੇ ਸਨ ਅਤੇ ਹੁਣ ਲੁਕਣ ਲਈ ਮਜਬੂਰ ਹਨ। ਕਿਸੇ ਦੀ ਆਮਦਨੀ ਦੇ ਸਰੋਤ ਨੂੰ ਖੋਹਣਾ ਸਭ ਤੋਂ ਮਾੜੀ ਗੱਲ ਹੈ ਅਤੇ ਅਫ਼ਸੋਸ ਦੀ ਗੱਲ ਹੈ ਕਿ ਇਹ ਸਰਕਾਰ ਅਜਿਹਾ ਹੀ ਕਰ ਰਹੀ ਹੈ।”

Leave a Reply

Your email address will not be published. Required fields are marked *