ਸਰਦੀਆਂ ‘ਚ ਪਾਲਤੂ ਪਸੂਆਂ ਨੂੰ ਠੰਡੀਆਂ ਹਵਾਵਾਂ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ

ਪਸ਼ੂ ਪਾਲਣ ਵਿਭਾਗ ਨੇ ਬਿਹਤਰ ਉਤਪਾਦਨ ਅਤੇ ਸਿਹਤ ਸੰਭਾਲ ਲਈ ਖੁਰਾਕੀ ਪ੍ਰਬੰਧ ਅਤੇ ਜ਼ਰੂਰੀ ਨੁਕਤੇ ਕੀਤੇ ਸਾਂਝੇ
ਪਟਿਆਲਾ, 12 ਜਨਵਰੀ:
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਜੀ.ਡੀ. ਸਿੰਘ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਵਿਚ ਲਗਾਤਾਰ ਪੈ ਰਹੀ ਕੜਾਕੇ ਦੀ ਠੰਡ ਅਤੇ ਧੁੰਦ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਵਾਸਤੇ ਪਸ਼ੂਆਂ ਦੀ ਸੁਚੱਜੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਤਾਂ ਕਿ ਪਸ਼ੂਆਂ ਦੀ ਸਿਹਤ ਅਤੇ ਉਤਪਾਦਨ ਨੂੰ ਬਿਹਤਰ ਰੱਖਿਆ ਜਾ ਸਕੇ ।
ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕ ਸ਼ੈੱਡਾਂ ਨੂੰ ਪਰਦੇ ਲਾ ਕੇ ਬੰਦ ਕਰਨ ਤਾਂ ਜੋ ਠੰਡੀ ਹਵਾ ਰੋਕੀ ਜਾ ਸਕੇ। ਪਰਦੇ ਬਨਾਉਣ ਲਈ ਤਰਪਾਲ, ਸੁੱਕਾ ਘਾਹ, ਪਰਾਲੀ ਜਾਂ ਬਾਂਸ ਆਦਿ ਵਰਤੇ ਜਾ ਸਕਦੇ ਹਨ। ਸ਼ੈੱਡਾਂ ਦੇ ਆਲੇ ਦੁਆਲੇ ਖੜ੍ਹੇ ਰੁੱਖਾਂ ਨੂੰ ਛਾਂਗ ਦੇਣਾ ਚਾਹੀਦਾ ਹੈ ਤਾਂ ਕਿ ਧੁੱਪ ਸ਼ੈੱਡਾਂ ਜਾਂ ਢਾਰਿਆਂ ਦੇ ਅੰਦਰ ਤੱਕ ਪਹੁੰਚ ਸਕੇ। ਫ਼ਰਸ਼ ਨੂੰ ਵੀ ਸੁੱਕਾ ਰੱਖਣਾ ਚਾਹੀਦਾ ਹੈ ਤਾਂ ਜੋ ਪਸ਼ੂਆਂ ਨੂੰ ਠੰਡ ਲੱਗਣ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਠੰਡ ਨਾਲ ਪਸ਼ੂਆਂ ਨੂੰ ਬੁਖ਼ਾਰ, ਨਮੂਨੀਆ ਅਤੇ ਮੋਕ ਆਦਿ ਹੋ ਸਕਦੀ ਹੈ। ਫ਼ਰਸ਼ ਨੂੰ ਠੰਡਿਆਂ ਹੋਣ ਤੋਂ ਬਚਾਉਣ ਲਈ ਸੁੱਕਾ ਘਾਹ, ਪਰਾਲੀ, ਤੂੜੀ ਜਾਂ ਚੌਲਾਂ ਦੀ ਫੱਕ ਆਦਿ ਵਿਛਾਉਣੀ ਚਾਹੀਦੀ ਹੈ। ਪਸ਼ੂਆਂ ਦੇ ਸਰੀਰ ‘ਤੇ ਝੁੱਲ ਵੀ ਪਾਏ ਜਾ ਸਕਦੇ ਹਨ। ਜਿਸ ਨਾਲ ਉਨ੍ਹਾਂ ਦੇ ਸਰੀਰ ਦੀ ਗਰਮੀ ਬਣੀ ਰਹੇਗੀ। ਸ਼ੈੱਡਾਂ ਨੂੰ ਦਿਨ ਵਿਚ ਦੋ ਵਾਰ ਸਾਫ਼ ਕਰਨਾ ਚਾਹੀਦਾ ਹੈ ਤੇ ਪਾਣੀ, ਗੋਹੇ ਦੇ ਨਿਕਾਸੀ ਪ੍ਰਬੰਧ ਦਰੁਸਤ ਰੱਖਣੇ ਚਾਹੀਦੇ ਹਨ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਪਸ਼ੂਆਂ ਨੂੰ ਨਹਾਉਣ ਤੋਂ ਪਰਹੇਜ਼ ਕਰਦਿਆਂ ਸੁੱਕੇ ਕੱਪੜੇ ਜਾਂ ਪਰਾਲੀ ਨਾਲ ਸਫ਼ਾਈ ਕਰ ਦੇਣੀ ਚਾਹੀਦੀ ਹੈ। ਜੇਕਰ ਲੋੜ ਪਵੇ ਤਾਂ ਪਸ਼ੂ ਨੂੰ ਕੋਸੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਦੁਧਾਰੂ ਪਸ਼ੂਆਂ ਨੂੰ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਦੇਣੀ ਚਾਹੀਦੀ ਹੈ। ਇਸ ਮੌਸਮ ਵਿਚ ਬਰਸੀਮ ਦੇ ਪੱਠਿਆਂ ਦੀ ਕਾਫ਼ੀ ਬਹੁਤਾਤ ਹੁੰਦੀ ਹੈ ਅਤੇ ਇਸ ਵਿਚ ਪ੍ਰੋਟੀਨ ਅਤੇ ਪਾਣੀ ਦੀ ਕਾਫ਼ੀ ਮਾਤਰਾ ਮਿਲ ਜਾਂਦੀ ਹੈ। ਬਰਸੀਮ ਦੇ ਚਾਰੇ ਨੂੰ ਤੂੜੀ ਵਿੱਚ ਮਿਲਾ ਕੇ ਪਾਇਆ ਜਾਣਾ ਚਾਹੀਦਾ ਹੈ। ਦੁਧਾਰੂ ਪਸ਼ੂਆਂ ਲਈ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਹਰੇ ਚਾਰਿਆਂ ਦੀ ਘਾਟ ਹੋਵੇ ਤਾਂ 25-30 ਕਿੱਲੋ ਫ਼ਲੀਦਾਰ ਚਾਰਿਆਂ ਵਿਚ 5 ਤੋਂ 10 ਕਿੱਲੋ ਤੂੜੀ ਮਿਲਾ ਕੇ ਪ੍ਰਤੀ ਪਸ਼ੂ ਦੇਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ 10 ਕਿੱਲੋ ਤੱਕ ਦੁੱਧ ਦੇਣ ਵਾਲੇ ਪਸ਼ੂ ਨੂੰ ਤਿੰਨ ਕਿੱਲੋ ਦਾਣਾ ਅਤੇ 40-50 ਕਿੱਲੋ ਚਾਰੇ ਦੀ ਲੋੜ ਹੁੰਦੀ ਹੈ। ਨਾਈਟ੍ਰੇਟ ਜ਼ਹਿਰਬਾਦ ਤੋਂ ਬਚਾਉਣ ਲਈ ਫ਼ਲੀਦਾਰ ਅਤੇ ਗੈਰ-ਫ਼ਲੀਦਾਰ ਚਾਰਿਆਂ ਨੂੰ ਤੂੜੀ ਨਾਲ ਮਿਲਾ ਕੇ ਹੀ ਪਸ਼ੂ ਨੂੰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਦੀਆਂ ਵਿਚ ਕੁਲ ਖੁਰਾਕ ਦਾ ਦੋ ਪ੍ਰਤੀਸ਼ਤ ਧਾਤਾਂ ਦਾ ਚੂਰਾ ਅਤੇ ਇੱਕ ਪ੍ਰਤੀਸ਼ਤ ਲੂਣ ਵੀ ਪਸ਼ੂ ਨੂੰ ਦੇਣਾ ਜ਼ਰੂਰੀ ਹੈ। ਪਸ਼ੂ ਨੂੰ ਸਾਫ਼, ਤਾਜ਼ਾ ਅਤੇ ਕੋਸਾ (ਨਿੱਘਾ) ਪਾਣੀ ਮੁਹੱਈਆ ਕਰਨਾ ਚਾਹੀਦਾ ਹੈ।
ਜੇਕਰ ਪਸ਼ੂਆਂ ਨੂੰ ਮਲ੍ਹੱਪ ਰਹਿਤ ਕੀਤੇ ਤਿੰਨੇ ਮਹੀਨੇ ਤੋਂ ਵੱਧ ਟਾਈਮ ਹੋ ਗਿਆ ਤਾਂ ਉਨ੍ਹਾਂ ਨੂੰ ਮਲ੍ਹੱਪ ਰਹਿਤ ਕੀਤਾ ਜਾਵੇ। ਪਸ਼ੂ ਨੂੰ ਮਲ੍ਹੱਪ ਰਹਿਤ ਕਰਨ ਦੀ ਦਵਾਈ ਇੱਕ ਵਾਰ ਦੇਣ ਤੋਂ ਬਾਅਦ 21 ਦਿਨ ਬਾਅਦ ਦੁਬਾਰਾ ਦੇਣੀ ਚਾਹੀਦੀ ਹੈ। ਚਿੱਚੜਾਂ ਤੋਂ ਬਚਾਉਣ ਲਈ ਸ਼ੈੱਡਾਂ ਵਿੱਚ ਚਿੱਚੜ ਮਾਰ ਦਵਾਈ ਵਰਤਣੀ ਚਾਹੀਦੀ ਹੈ। ਸਮੂਹ ਪਸੂਆਂ ਨੂੰ ਮੂੰਹ ਖੁਰ ਅਤੇ ਗਲ ਘੋਟੂ ਦਾ ਟੀਕਾਕਰਨ ਕਰਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਨਜ਼ਦੀਕੀ ਪਸ਼ੂ ਸੰਸਥਾ, ਸੀਨੀਅਰ ਵੈਟਨਰੀ ਅਫ਼ਸਰ ਜਾਂ ਜ਼ਿਲ੍ਹਾ ਪੱਧਰ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *