67ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਮੁਕਾਬਲਿਆਂ ਦੀ ਪਟਿਆਲਾ ਵਿਖੇ ਹੋਈ ਸ਼ਾਨਦਾਰ ਸ਼ੁਰੂਆਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬ ਸਰਕਾਰ ਨੇ ਸੂਬੇ ‘ਚ ਖੇਡ ਸਭਿਆਚਾਰ ਸਿਰਜਿਆ : ਡਾ. ਬਲਬੀਰ ਸਿੰਘ

-ਕਿਹਾ, ਖੇਡਾਂ ਵਤਨ ਪੰਜਾਬ ਦੀਆਂ ਤੇ ਖੇਡ ਨਰਸਰੀਆਂ ਨੇ ਸੂਬੇ ਦੇ ਨੌਜਵਾਨਾਂ ਨੂੰ ਖੇਡ ਪ੍ਰਤਿਭਾ ਦਿਖਾਉਣ ਦੇ ਦਿੱਤੇ ਮੌਕੇ

ਪਟਿਆਲਾ, 6 ਜਨਵਰੀ:
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਦੇ ਟੂਰਨਾਮੈਂਟ ਆਯੋਜਿਤ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਸੂਬੇ ‘ਚ ਖੇਡ ਸਭਿਆਚਾਰ ਸਿਰਜਿਆ ਹੈ, ਜਿਸ ਤਹਿਤ ਪਿਛਲੇ ਦੋ ਸਾਲਾਂ ਦੌਰਾਨ ਖੇਡਾਂ ਵਤਨ ਪੰਜਾਬ ਦੀਆਂ ਕਰਵਾਕੇ ਪਿੰਡ ਪੱਧਰ ਤੱਕ ਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਹੈ, ਉਥੇ ਹੀ ਬੱਚਿਆਂ ਦੀ ਖੇਡ ਨੂੰ ਹੋਰ ਨਿਖਾਰਨ ਲਈ ਸੂਬੇ ਭਰ ‘ਚ ਖੇਡ ਨਰਸਰੀਆਂ ਖੋਲਣ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਹ ਪ੍ਰਗਟਾਵਾ ਉਨ੍ਹਾਂ ਅੱਜ 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਦੇ ਬਾਸਕਟਬਾਲ ਲੜਕਿਆਂ ਦੇ ਅੰਡਰ-19 ਮੁਕਾਬਲਿਆਂ ਦੇ ਉਦਘਾਟਨੀ ਸਮਾਰੋਹ ਮੌਕੇ ਕੀਤਾ।
ਦੇਸ਼ ਭਰ ਤੋਂ ਆਈਆਂ 30 ਬਾਸਕਟਬਾਲ ਦੀਆਂ ਟੀਮਾਂ ਨੂੰ ਪੰਜਾਬ ਆਉਣ ‘ਤੇ ਜੀ ਆਇਆਂ ਆਖਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਲਈ ਵੀ ਇਹ ਮਾਣ ਦੀ ਗੱਲ ਹੈ ਕਿ ਇਹ ਖੇਡਾਂ ਪਹਿਲੀ ਵਾਰ ਪੰਜਾਬ ਦੀ ਧਰਤੀ ‘ਤੇ ਸਰਕਾਰੀ ਸਕੂਲਾਂ ਦੇ ਗਰਾਊਂਡ ਵਿੱਚ ਹੋਣ ਜਾ ਰਹੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਖਿਡਾਰੀਆਂ ਨੂੰ ਜਿਥੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ‘ਚ ਜੇਤੂ ਹੋਣ ‘ਤੇ ਕਰੋੜਾਂ ਦੇ ਇਨਾਮ ਦਿੱਤੇ ਜਾਂਦੇ ਹਨ, ਉਥੇ ਹੀ ਮੁਕਾਬਲਿਆਂ ਦੀ ਤਿਆਰੀ ਲਈ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਲੱਖਾਂ ਦੀ ਰਾਸ਼ੀ ਪ੍ਰਦਾਨ ਕੀਤੀ ਜਾ ਰਹੀ ਹੈ, ਤਾਂ ਜੋ ਖਿਡਾਰੀ ਪੂਰੀ ਤਿਆਰੀ ਨਾਲ ਮੁਕਾਬਲੇ ‘ਚ ਜਾ ਸਕਣ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਤੋਂ ਪਹੁੰਚੇ ਟੂਰਨਾਮੈਂਟ ਆਬਜ਼ਰਵਰ ਹਿਮਾਂਸ਼ੂ ਸ਼ੁਕਲਾ ਨੇ ਦੱਸਿਆ ਕਿ 67ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਲੜਕਿਆਂ ਦੀਆਂ ਅੰਡਰ 19 ਟੂਰਨਾਮੈਂਟ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 30 ਯੂਨਿਟ ਭਾਗ ਲੈ ਰਹੇ ਹਨ। ਇਹਨਾਂ ਟੀਮਾਂ ਦੇ 360 ਖਿਡਾਰੀਆਂ ਅਤੇ ਇਹਨਾਂ ਦੇ ਆਫੀਸ਼ਲ ਸਮੇਤ 400 ਦੇ ਕਰੀਬ ਮੈਂਬਰਾਂ ਦੇ ਰਹਿਣ, ਖਾਣੇ ਅਤੇ ਟੂਰਨਾਮੈਂਟ ਨੇ ਮੈਚਾਂ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਹਿਮਾਂਸ਼ੂ ਸ਼ੁਕਲਾ ਆਬਜ਼ਰਵਰ ਨੇ ਸਮੂਹ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।
ਟੂਰਨਾਮੈਂਟ ਦੇ ਉਦਘਾਟਨ ਸਮਾਰੋਹ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਹਰਿੰਦਰ ਕੌਰ ਨੇ ਜੀ ਆਇਆਂ ਕੀਤਾ ਅਤੇ ਸਪੋਰਟਸ ਕੋਆਰਡੀਨੇਟਰ ਪਟਿਆਲਾ ਦਲਜੀਤ ਸਿੰਘ ਨੇ ਧੰਨਵਾਦ ਕੀਤਾ। ਦੌਰਾਨ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ। ਪੰਜਾਬ ਦੇ ਬਾਸਕਟਬਾਲ ਖਿਡਾਰੀ ਨੇ ਸਮੂਹ ਖਿਡਾਰੀਆਂ ਵੱਲੋਂ ਖੇਡ ਭਾਵਨਾ ਨਾਲ ਟੂਰਨਾਮੈਂਟ ਵਿੱਚ ਖੇਡਣ ਦੀ ਸਹੁੰ ਚੁੱਕੀ। ਇਸ ਮੌਕੇ ਸਰਕਾਰੀ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵੱਲੋਂ ਸਵਾਗਤੀ ਗੀਤ, ਸਰਕਾਰੀ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵੱਲੋਂ ਗਿੱਧਾ ਅਤੇ ਭੰਗੜਾ ਪੇਸ ਕੀਤਾ ਗਿਆ।

ਟੂਰਨਾਮੈਂਟ ਦਾ ਪਹਿਲਾ ਮੈਚ ਪੰਜਾਬ ਅਤੇ ਗੁਜਰਾਤ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਗੁਜਰਾਤ ਨੂੰ ਅੰਕਾਂ ਦੇ ਵੱਡੇ ਅੰਤਰ ਨਾਲ ਹਰਾਇਆ ਅਤੇ ਟੂਰਨਾਮੈਂਟ ਵਿੱਚ ਪਹਿਲੀ ਜਿੱਤ ਪ੍ਰਪਾਤ ਕਰਕੇ ਖਾਤਾ ਖੋਲਿਆ।
ਇਸ ਮੌਕੇ ਇਸ਼ਮੀਤ ਵਿਜੈ ਸਿੰਘ ਐਸਡੀਐਮ ਪਟਿਆਲਾ, ਡਾ: ਅਰਚਨਾ ਮਹਾਜਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਟਿਆਲਾ, ਡਾ: ਰਵਿੰਦਰਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ, ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਟਿਆਲਾ, ਨਰਿੰਦਰ ਸਿੰਘ, ਵਿਜੈ ਕਪੂਰ, ਰਾਜ ਕੁਮਾਰ, ਜੱਗਾ ਸਿੰਘ,  ਜੀਵਨ ਕੁਮਾਰ, ਅਮਰਜੋਤ ਸਿੰਘ, ਹਰਪ੍ਰੀਤ ਸਿੰਘ,  ਜਸਪਾਲ ਸਿੰਘ,  ਮਨੋਹਰ ਲਾਲ ਸਿੰਗਲਾ, ਕਰਮਜੀਤ ਕੌਰ,  ਅਮਿਤ ਕੁਮਾਰ, ਵਿਕਰਮਜੀਤ ਸਿੰਘ, ਰਾਜਿੰਦਰ ਸਿੰਘ ਚਾਨੀ ਟੂਰਨਾਮੈਂਟ ਮੀਡੀਆ ਇੰਚਾਰਜ, ਹਰਿੰਦਰ ਗਰੇਵਾਲ, ਅਮਰਿੰਦਰ ਸਿੰਘ ਬਾਬਾ, ਜਗਜੀਤ ਸਿੰਘ ਵਾਲੀਆ ਅਤੇ ਵੱਖੋ-ਵੱਖ ਕਮੇਟੀਆਂ ਦੇ ਮੈਂਬਰ ਅਧਿਆਪਕ ਵੀ ਮੌਜੂਦ ਸਨ।

Leave a Reply

Your email address will not be published. Required fields are marked *