ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਅਬਲੋਵਾਲ ਡੇਅਰੀ ਪ੍ਰਾਜੈਕਟ ਦੀ ਗਊਸ਼ਾਲਾ ਦੀ ਸ਼ੁਰੂਆਤ 7 ਜਨਵਰੀ ਤੋਂ

-ਸ਼ਹਿਰ ‘ਚ ਸੜਕਾਂ ਤੇ ਗਲੀਆਂ ‘ਚ ਘੁੰਮਦੇ ਅਵਾਰਾ ਪਸ਼ੂ ਐਤਵਾਰ ਨੂੰ ਕੀਤੇ ਜਾਣਗੇ ਤਬਦੀਲ-ਡਿਪਟੀ ਕਮਿਸ਼ਨਰ
-ਕਿਹਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਗਊਆਂ ਨੂੰ ਪਿਆਰ ਕਰਨ ਵਾਲੇ ਸ਼ਹਿਰ ਵਾਸੀ ਵੀ ਅਬਲੋਵਾਲ ਵਿਖੇ ਕਰ ਸਕਣਗੇ ਸੇਵਾ
ਪਟਿਆਲਾ 6 ਜਨਵਰੀ:
ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ‘ਤੇ ਅਬਲੋਵਾਲ ਸਥਿਤ ਗੁਰੂ ਨਾਨਕ ਡੇਅਰੀ ਪ੍ਰਾਜੈਕਟ ਵਿਖੇ ਬਣਾਈ ਗਈ ਗਊਸ਼ਾਲਾ ਨੂੰ ਐਤਵਾਰ 7 ਜਨਵਰੀ ਤੋਂ ਸ਼ੁਰੂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਗਊਸ਼ਾਲਾ ਨੂੰ ਸ਼ੁਰੂ ਕਰਨ ਲਈ ਕੀਤੀਆਂ ਜਾ ਰਹੀਆ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਐਸਡੀਐਮ ਡਾ ਇਸਮਤ ਵਿਜੇ ਸਿੰਘ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ ਜੀ ਡੀ ਸਿੰਘ ਨਿਗਮ ਦੇ ਸਕੱਤਰ ਸੁਨੀਲ ਮਹਿਤਾ ਤੇ ਨਗਰ ਨਿਗਮ ਦੇ ਹੋਰ ਅਧਿਕਾਰੀਆਂ ਨਾਲ ਇਸ ਗਊਸ਼ਾਲਾ ਨੂੰ ਚਲਾਉਣ ਲਈ ਮੀਟਿੰਗ ਕਰਕੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਇਸ ਗਊਸ਼ਾਲਾ ਚਲਾਉਣ ਲਈ ਪੱਕੀ ਸੰਸਥਾ ਦੀ ਭਾਲ ਕੀਤੀ ਜਾ ਰਹੀ ਹੈ ਉਦੋਂ ਤੱਕ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਜ਼ਿਲ੍ਹਾ ਪਸ਼ੂ ਭਲਾਈ ਕਮੇਟੀ ਰਾਹੀਂ ਚਲਾਈ ਜਾਵੇਗੀ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਦੇ ਆਦੇਸ਼ਾਂ ਅਤੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਅਤੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਇਸ ਗਊਸ਼ਾਲਾ ਨੂੰ ਚਲਾ ਕੇ ਸ਼ਹਿਰ ਵਿੱਚੋਂ ਅਵਾਰਾ ਪਸ਼ੂਆਂ ਨੂੰ ਇੱਥੇ ਪਹੁੰਚਾਇਆ ਜਾਵੇਗਾ। ਇਸ ਨਾਲ ਇੱਕ ਪਾਸੇ ਜਿੱਥੇ ਇਹ ਪਸ਼ੂ ਇਸ ਠੰਢ ਵਿੱਚ ਸਰਦੀ ਤੋਂ ਬਚ ਸਕਣਗੇ ਉਥੇ ਹੀ ਲੋਕਾਂ ਨੂੰ ਵੀ ਇਨ੍ਹਾਂ ਕਰਕੇ ਹੁੰਦੇ ਹਾਦਸਿਆਂ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ।
ਡਿਪਟੀ ਕਮਿਸ਼ਨਰ ਨੇ ਐਤਵਾਰ ਨੂੰ ਇਸ ਗਊਸ਼ਾਲਾ ਵਿਖੇ ਸ਼ਹਿਰ ਦੇ ਅਵਾਰਾ ਪਸ਼ੂ ਤਬਦੀਲ ਕਰਨ ਲਈ ਕੀਤੇ ਯਤਨਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਤੇ ਖਾਸ ਕਰਕੇ ਗਊ ਤੇ ਪਸ਼ੂ ਪ੍ਰੇਮੀਆਂ ਨੂੰ ਸੱਦਾ ਦਿੱਤਾ ਕਿ ਉਹ ਇੱਥੇ ਆਕੇ ਸੇਵਾ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿੱਚ ਗਊਆਂ ਰੱਖਣ ਵਾਲਿਆਂ ਨੂੰ ਵੀ ਤਾਕੀਦ ਕੀਤੀ ਕਿ ਉਹ ਆਪਣੇ ਪਸ਼ੂਆਂ ਨੂੰ ਦੁੱਧ ਚੋਅ ਕੇ ਬਾਹਰ ਖੁੱਲ੍ਹੇ ਵਿੱਚ ਨਾ ਛੱਡਣ ਅਤੇ ਜੇਕਰ ਅਜਿਹਾ ਪਾਇਆ ਗਿਆ ਤਾਂ ਜਿੱਥੇ ਇਨ੍ਹਾਂ ਪਸ਼ੂਆਂ ਨੂੰ ਨਗਰ ਨਿਗਮ ਟੀਮ ਵੱਲੋਂ ਗਊਸ਼ਾਲਾ ਵਿੱਚ ਪਹੁੰਚਾ ਕੇ ਵਾਪਸ ਨਹੀਂ ਕੀਤਾ ਜਾਵੇਗਾ ਉਥੇ ਹੀ ਅਜਿਹਾ ਕਰਨ ਵਾਲਿਆਂ ਨੂੰ ਜੁਰਮਾਨਾ ਵੀ ਲਗਾਇਆ ਜਾਵੇਗਾ।
*****

Leave a Reply

Your email address will not be published. Required fields are marked *