ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ‘ਐਕਸਪੋਜਰ ਵਿਜ਼ਟ’ ਦੌਰਾਨ ਪ੍ਰਸ਼ਾਸਨਿਕ ਕੰਮਾਂ ਵਿੱਚ ਡੂੰਘੀ ਦਿਲਚਸਪੀ ਲਈ

ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀ ਆਪਣੇ ਦੌਰੇ ਦੌਰਾਨ ਆਪਣੇ ਭਵਿੱਖ ਬਾਰੇ ਉਤਸੁਕ ਸਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਦਸੰਬਰ, 2023:
ਵਿਦਿਆਰਥੀਆਂ ਦੀ ਦੂਰ-ਦ੍ਰਿਸ਼ਟੀ ਨੂੰ ਜਾਣਕਾਰੀ ਭਰਪੂਰ ਕਰਨ ਅਤੇ ਉਹਨਾਂ ਨੂੰ ਵੱਖ-ਵੱਖ ਪੇਸ਼ੇਵਰ ਖੇਤਰਾਂ, ਕਰੀਅਰ ਕਾਉਂਸਲਿੰਗ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਹਨਾਂ ਦਾ ਮਾਰਗਦਰਸ਼ਨ ਕਰਨ ਵਿੱਚ ਮਦਦ ਕਰਨ ਲਈ, ਮੋਹਾਲੀ ਦੇ ਫੇਸ 3ਬੀ 1 ਦੇ ਸਕੂਲ ਆਫ਼ ਐਮੀਨੈਂਸ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਐਕਸਪੋਜ਼ਰ ਵਿਜ਼ਿਟ ਦੌਰਾਨ  ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਦਾ ਦੌਰਾ ਕੀਤਾ।
    ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨਾਲ ਗੱਲਬਾਤ ਕਰਦਿਆਂ ਸਿਵਲ ਸੇਵਾਵਾਂ ਵਿੱਚ ਉਨ੍ਹਾਂ ਦੇ ਸਫ਼ਰ ਬਾਰੇ ਜਾਣਨ ਦੇ ਨਾਲ-ਨਾਲ ਪਰਿਵਾਰਕ ਮਾਮਲਿਆਂ ਦੀ ਦੇਖ-ਰੇਖ ਦੇ ਨਾਲ-ਨਾਲ ਦਫ਼ਤਰੀ ਜ਼ਿੰਮੇਵਾਰੀਆਂ ਨਿਭਾਉਣ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
   ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਦੀ ਉਤਸੁਕਤਾ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਹਾਸਲ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਅੱਠਵੀਂ ਜਮਾਤ ਦੀ ਪੜ੍ਹਾਈ ਦੌਰਾਨ ਸਿਵਲ ਸੇਵਾਵਾਂ ਵਿੱਚ ਸ਼ਾਮਲ ਹੋਣ ਦਾ ਟੀਚਾ ਮਿੱਥ ਕੇ ਆਪਣੀ ਕਰੀਅਰ ਯਾਤਰਾ ਸ਼ੁਰੂ ਕੀਤੀ। ਉਸ ਤੋਂ ਬਾਅਦ, ਉਨ੍ਹਾਂ ਨੇ ਆਪਣੇ ਪਿਤਾ ਜੀ ਤੋਂ ਪ੍ਰੇਰਿਤ ਹੋ ਕੇ ਐਲ ਐਲ ਬੀ ਕਰਨ ਲਈ ਮਨ ਬਣਾ ਲਿਆ ਅਤੇ ਪੂਰਾ ਕਰਨ ਤੋਂ ਬਾਅਦ ਇੱਕ ਲਾਅ ਫਰਮ ਜਿਸਨੇ 20 ਲੱਖ ਰੁਪਏ ਦੇ ਸਾਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਸੀ, ਦੀ ਪੇਸ਼ਕਸ਼ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਨਾਂਹ  ਕੇ ਦਿੱਤੀ। ਉਨ੍ਹਾਂ ਨੇ ਯੂ ਪੀ ਐਸ ਸੀ ਵਿੱਚ ਸ਼ਾਮਲ ਹੋਣ ਦੀ ਆਪਣੀ ਇੱਛਾ ਦਾ ਟੀਚਾ ਬਰਕਰਾਰ ਰੱਖਿਆ ਅਤੇ ਅੰਤ ਵਿੱਚ ਇਸ ਨੂੰ ਪ੍ਰਾਪਤ ਕਰ ਲਿਆ।
    ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਇੱਕ ਟੀਚਾ ਨਿਰਧਾਰਤ ਕਰਨ ਅਤੇ ਇਸ ਦੇ ਪੂਰਾ ਹੋਣ ਤੱਕ ਪੂਰੀ ਲਗਨ ਨਾਲ ਇਸ ਦੀ  ਪ੍ਰਾਪਤੀ ਤੱਕ ਮਿਹਨਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਸਮਾਂ ਸਾਰਣੀ ਤਿਆਰ ਕਰਨ ਅਤੇ ਉਸ ਅਨੁਸਾਰ ਅਧਿਐਨ ਕਰਨ। ਅਧਿਐਨ ਕਰਨ ਦਾ ਸਭ ਤੋਂ ਵਧੀਆ ਸਮਾਂ ਸਵੇਰ ਦਾ ਹੈ।
    ਪਰਿਵਾਰ ਨੂੰ ਸੰਭਾਲਣ ਦੇ ਨਾਲ-ਨਾਲ ਜ਼ਿਲ੍ਹਾ ਪ੍ਰਬੰਧਕੀ ਮੁਖੀ ਦੀ ਜ਼ਿੰਮੇਵਾਰੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਮਾਂ, ਪਤਨੀ, ਧੀ ਅਤੇ ਡਿਪਟੀ ਕਮਿਸ਼ਨਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਸੰਭਾਲ ਕੇ, ਪੇਸ਼ੇਵਰ ਤੌਰ ‘ਤੇ ਘਰ ਤੇ ਦਫ਼ਤਰ ‘ਤੇ ਧਿਆਨ ਕੇਂਦਰਿਤ ਕਰਦੇ ਹਨ।
     ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਡਿਊਟੀਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਉਹ ਰੈਗੂਲੇਟਰੀ ਸ਼ਕਤੀਆਂ ਦੇ ਨਾਲ-ਨਾਲ ਜਨਤਕ ਭਲਾਈ ਸੇਵਾਵਾਂ ਜਿਵੇਂ ਕਿ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਸਿਹਤ ਅਤੇ ਵਿੱਦਿਅਕ ਸੇਵਾਵਾਂ ਅਤੇ ਸੜਕਾਂ ਦੇ ਬੁਨਿਆਦੀ ਢਾਂਚੇ ਆਦਿ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਕਦਮ ਚੁੱਕਦੇ ਹਨ।
    ਇਸ ਤੋਂ ਪਹਿਲਾਂ ਏ.ਡੀ.ਸੀ (ਪੇਂਡੂ ਵਿਕਾਸ) ਸੋਨਮ ਚੌਧਰੀ ਅਤੇ ਸਹਾਇਕ ਕਮਿਸ਼ਨਰ (ਅੰਡਰ ਟਰੇਨੀ) ਡੇਵੀ ਗੋਇਲ ਨਾਲ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੇ ਦੋਵਾਂ ਨੂੰ ਕਈ ਸਵਾਲ ਪੁੱਛੇ ਅਤੇ ਉਨ੍ਹਾਂ ਦੇ ਕਠਿਨ ਸਫ਼ਰ ‘ਤੇ ਚੱਲਣ ਲਈ ਡੂੰਘੀ ਦਿਲਚਸਪੀ ਦਿਖਾਈ। ਏ.ਡੀ.ਸੀ.(ਪੇਂਡੂ ਵਿਕਾਸ) ਨੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਬ ਡਵੀਜ਼ਨ ਪੱਧਰ ‘ਤੇ ਉਪ ਮੰਡਲ ਮੈਜਿਸਟ੍ਰੇਟ, ਜ਼ਿਲ੍ਹਾ ਪੱਧਰ ‘ਤੇ ਵਧੀਕ ਡਿਪਟੀ ਕਮਿਸ਼ਨਰ ਸਮੇਤ ਕੰਮ ਕਰਦੇ ਪ੍ਰਸ਼ਾਸਨਿਕ ਢਾਂਚੇ ‘ਤੇ ਚਾਨਣਾ ਪਾਇਆ।
    ਵਿਦਿਆਰਥੀਆਂ ਨੇ ਸੇਵਾ ਕੇਂਦਰ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੂੰ ਸਿਟੀਜ਼ਨ ਓਰੀਐਂਟਿਡ ਸਰਵਿਸਿਜ਼ ਡਿਲੀਵਰੀ ਦੇ ਨਾਲ-ਨਾਲ 1076 ‘ਤੇ ਡਾਇਲ ਕਰਕੇ ‘ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ’ ਪਹਿਲਕਦਮੀ ਦੇ ਤਹਿਤ  43 ਸੇਵਾਵਾਂ ਦੀ ਹੋਮ ਡਿਲੀਵਰੀ ਬਾਰੇ ਵੀ ਜਾਣਕਾਰੀ ਦਿੱਤੀ ਗਈ।
    ਉਨ੍ਹਾਂ ਐਸ.ਡੀ.ਐਮ ਦਫ਼ਤਰ, ਏ.ਡੀ.ਸੀ. ਸ਼ਹਿਰੀ ਵਿਕਾਸ ਅਤੇ ਜਨਰਲ ਦੇ ਦਫ਼ਤਰਾਂ ਦਾ ਵੀ ਦੌਰਾ ਕੀਤਾ ਅਤੇ ਪ੍ਰਸ਼ਾਸਨਿਕ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ।
    ਇਸ ਨਵੇਂ ਉਪਰਾਲੇ ਵਿੱਚ ਵਿਦਿਆਰਥੀਆਂ ਦੀ ਅਗਵਾਈ ਕਰ ਰਹੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਲਈ ਐਕਸਪੋਜ਼ਰ ਵਿਜ਼ਿਟ ਦੀ ਲੜੀ ਚਲਾ ਰਿਹਾ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ, ਸਕੂਲ ਆਫ਼  ਐਮੀਨੈਂਸ ਦੇ ਵਿਦਿਆਰਥੀਆਂ ਨੇ ਐਕਸਪੋਜਰ ਵਿਜ਼ਟ ਦੌਰਾਨ ਡੀ ਏ ਸੀ ਮੋਹਾਲੀ, ਡਾ.ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਮੋਹਾਲੀ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ, ਆਈ ਆਈ ਐਸ ਈ ਆਰ ਮੋਹਾਲੀ (ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਟੈਕਨਾਲੋਜੀ ਐਂਡ ਰਿਸਰਚ) ਆਦਿ ਦਾ ਦੌਰਾ ਕੀਤਾ।

Leave a Reply

Your email address will not be published. Required fields are marked *