ਤੱਥਾਂ ਦੀ ਪੜਤਾਲ ਉਪਰੰਤ ਐਨ.ਓ.ਸੀ. ਜਾਰੀ ਕਰਨ ਵਿੱਚ ਕੋਈ ਵੀ ਦੇਰੀ ਨਾ ਕੀਤੀ ਜਾਵੇ: ਲਾਲ ਚੰਦ ਕਟਾਰੂਚੱਕ

• ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਨੇ ਕੰਢੀ ਖੇਤਰ ਵਿੱਚ ਕੁਦਰਤੀ ਤਰੀਕੇ ਨਾਲ ਪੌਦੇ ਲਗਾਉਣ ਅਤੇ ਜੰਗਲੀ ਜੀਵ ਰੱਖਾਂ ਵਿਕਸਤ ਕਰਨ ‘ਤੇ ਦਿੱਤਾ ਜ਼ੋਰ
ਚੰਡੀਗੜ੍ਹ, 12 ਦਸੰਬਰ:
ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਅਤੇ ਇਸ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚਕ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਚੱਲ ਰਹੇ ਪ੍ਰਾਜੈਕਟਾਂ ਨੂੰ ਤੇਜ਼ੀ ਲਿਆਉਣ ਅਤੇ ਇਹਨਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਾਲ ਨਾਲ ਪ੍ਰਾਪਤ ਗ੍ਰਾਂਟਾਂ ਦੀ ਸੁਚੱਜੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ।
ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਉੱਚ ਪੱਧਰੀ ਮੀਟਿੰਗ ਦੌਰਾਨ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਦਿੜ੍ਹਬਾ ਪਾਰਕ ਲਈ ਵਿਕਾਸ ਯੋਜਨਾ ਅਨੁਸਾਰ ਪਖਾਨੇ, ਚਾਰਦੀਵਾਰੀ ਦਾ ਨਿਰਮਾਣ ਕਰਨ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਲੈਂਡਸਕੇਪਿੰਗ, ਵਾਕਿੰਗ ਟਰੈਕ, ਗਾਰਡ ਕੁਆਟਰ ਵੀ ਬਣਾਏ ਜਾਣਗੇ। ਇਸ ਦੇ ਨਾਲ ਹੀ ਫਰਵਰੀ ਦੇ ਅੱਧ ਤੋਂ ਬਾਅਦ ਪੌਦੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਉਦੋਂ ਤੱਕ ਸਰਦੀਆਂ ਦਾ ਮੌਸਮ ਖਤਮ ਹੋ ਜਾਵੇਗਾ।
ਜੰਗਲਾਤ ਸੰਭਾਲ ਐਕਟ, 1980 ਤਹਿਤ ਐਨ.ਓ.ਸੀਜ਼ ਦਾ ਮੁੱਦਾ ਉਠਾਉਂਦਿਆਂ ਮੰਤਰੀ ਨੇ ਹਦਾਇਤ ਕੀਤੀ ਕਿ ਤੱਥਾਂ ਦੀ ਪੜਤਾਲ ਉਪਰੰਤ ਐਨ.ਓ.ਸੀ. ਜਾਰੀ ਕਰਨ ਵਿੱਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੂਬੇ ਦੇ ਹਿੱਤਾਂ ਲਈ ਅਧਿਕਾਰੀਆਂ ਨੂੰ ਇੱਕ ਟੀਮ ਵਜੋਂ ਕੰਮ ਕਰਨ ਲਈ ਉਤਸ਼ਾਹਿਤ ਕਰਦਿਆਂ ਮੰਤਰੀ ਨੇ ਪਠਾਨਕੋਟ ਵਿੱਚ ਕਥਲੌਰ ਜੰਗਲੀ ਜੀਵ ਰੱਖ ਦੇ ਵਿਕਾਸ ਅਤੇ ਵਲਚਰ ਰੈਸਟੋਰੈਂਟ ਦੀ ਢੁਕਵੀਂ ਸਾਂਭ-ਸੰਭਾਲ ਤੋਂ ਇਲਾਵਾ ਕੰਢੀ ਖੇਤਰਾਂ ਵਿੱਚ ਕੁਦਰਤੀ ਤਰੀਕੇ ਨਾਲ ਪੌਦੇ ਲਗਾਉਣ ਦੇ ਵਿਕਲਪ ਤਲਾਸ਼ਣ ‘ਤੇ ਜ਼ੋਰ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸ਼ਨਰ (ਜੰਗਲਾਤ) ਵਿਕਾਸ ਗਰਗ, ਪੀ.ਸੀ.ਸੀ.ਐਫ. ਆਰ.ਕੇ. ਮਿਸ਼ਰਾ, ਸੀ.ਸੀ.ਐਫ.(ਐਫ.ਸੀ.ਏ.) ਬਸੰਤਾ ਰਾਜ ਕੁਮਾਰ ਅਤੇ ਕੰਜ਼ਰਵੇਟਰ ਆਫ਼ ਫਾਰੈਸਟ (ਸਾਊਥ ਸਰਕਲ) ਅਜੀਤ ਕੁਲਕਰਨੀ ਸ਼ਾਮਿਲ ਸਨ।

Leave a Reply

Your email address will not be published. Required fields are marked *