ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਚੇਤਨ ਸਿੰਘ ਜੌੜਾਮਾਜਰਾ ਤੇ ਵਿਧਾਇਕ ਪਠਾਣਮਾਜਰਾ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਭੱਦੀ ਸ਼ਬਦਾਵਲੀ ਵਰਤਣ ‘ਤੇ ਲਿਆ ਗੰਭੀਰ ਨੋਟਿਸ

-ਕਿਹਾ, ਪੰਜਾਬ ਸਰਕਾਰ ਤੇ ਵਿਧਾਇਕਾਂ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਅਕਾਲੀ ਦਲ ਦੇ ਪ੍ਰਧਾਨ
-ਪੰਜਾਬ ‘ਚ ਕੇਬਲ ਮਾਫੀਆ ਅਕਾਲੀ ਸਰਕਾਰ ਦੀ ਦੇਣ-ਜੌੜਾਮਾਜਰਾ
-ਮਾਨ ਸਰਕਾਰ ਨੇ ਕਮਿਸ਼ਨ ਕਲਚਰ ਬੰਦ ਕੀਤਾ-ਹਰਭਜਨ ਸਿੰਘ ਈ.ਟੀ.ਓ
-ਦੋਸ਼ ਲਾਉਣ ਵਾਲਿਆਂ ਨੇ ਪਿਛਲੇ 15 ਸਾਲਾਂ ‘ਚ ਕੋਈ ਹੋਰ ਕੇਬਲ ਕੰਪਨੀ ਪੰਜਾਬ ਨਹੀਂ ਆਉਣ ਦਿੱਤੀ, ਪੰਜਾਬ ਸਰਕਾਰ ਨੇ ਸਭ ਲਈ ਖੋਲ੍ਹੇ ਨਿਵੇਸ਼ ਦੇ ਰਸਤੇ
ਪਟਿਆਲਾ, 20 ਨਵੰਬਰ:
ਪੰਜਾਬ ਦੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਵਿਧਾਇਕ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਇਕਾਂ ਲਈ ਭੱਦੀ ਸ਼ਬਦਾਵਲੀ ਵਰਤਣ ਦਾ ਗੰਭੀਰ ਨੋਟਿਸ ਲਿਆ ਹੈ। ਇੱਥੇ ਸਨੌਰ ਤੇ ਸਮਾਣਾ ਹਲਕਿਆਂ ਦੀਆਂ ਸੜਕਾਂ ਲਈ 39 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵਾਂ ਕੈਬਨਿਟ ਮੰਤਰੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਸਲਾਹ ਦਿੱਤੀ।
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਕੇਬਲ ਮਾਫੀਆ ਅਕਾਲੀ ਸਰਕਾਰ ਸਮੇਂ ਪੈਦਾ ਹੋਇਆ ਤੇ ਪਿਛਲੇ 15 ਸਾਲਾਂ ‘ਚ ਇਨ੍ਹਾਂ ਨੇ ਕੋਈ ਹੋਰ ਕੰਪਨੀ ਪੰਜਾਬ ਅੰਦਰ ਨਹੀਂ ਆਉਣ ਦਿੱਤੀ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਜਿਹੀ ਨੀਤੀ ਬਣਾ ਕੇ ਸੂਬੇ ਅੰਦਰ ਵੱਡੀਆਂ ਕੰਪਨੀਆਂ ਦੇ ਨਿਵੇਸ਼ ਲਈ ਰਸਤੇ ਖੋਲ੍ਹੇ ਅਤੇ ਹੁਣ ਵੱਡੀਆਂ ਕੰਪਨੀਆਂ ਕੇਬਲ ਦੇ ਖੇਤਰ ਵਿੱਚ ਵੀ ਪੰਜਾਬ ਆ ਰਹੀਆਂ ਹਨ। ਜੌੜਾਮਾਜਰਾ ਨੇ ਕਿਹਾ ਕਿ ਜੇਕਰ ਕੋਈ ਕੰਪਨੀ ਸਸਤੇ ਰੇਟ ‘ਤੇ ਕੇਬਲ ਸਹੂਲਤ ਦੇ ਰਹੀ ਹੈ ਅਤੇ ਉਪਰੇਟਰ ਉਸ ਨਾਲ ਜੁੜ ਰਹੇ ਹਨ ਤਾਂ ਇਸ ਵਿੱਚ ਪੰਜਾਬ ਸਰਕਾਰ, ਕੋਈ ਵਿਧਾਇਕ ਤੇ ਪੁਲਿਸ ਦੀ ਕੋਈ ਭੂਮਿਕਾ ਨਹੀਂ ਹੈ। ਇਸ ਲਈ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਦੇ ਹੋਏ ਆਪਣੇ ਰਾਜ ਵਿੱਚ ਕਰਵਾਈ ਗੁੰਡਾਗਰਦੀ ਨੂੰ ਯਾਦ ਕਰਨਾ ਚਾਹੀਦਾ ਹੈ।
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਆਪਣੇ ਰਾਜ ਵਿੱਚ ਗੁੰਡਾਗਰਦੀ ਕਰਦੇ ਰਹਿਣ ਵਾਲੇ ਲੋਕ ਹੀ ਹੁਣ ਧੱਕੇਸ਼ਾਹੀ ਦੇ ਝੂਠੇ ਦੋਸ਼ ਲਗਾ ਰਹੇ ਹਨ, ਪਰੰਤੂ ਪੰਜਾਬ ਦੇ ਲੋਕਾਂ ਨੂੰ ਸਭ ਪਤਾ ਹੈ ਕਿ ਸੂਬੇ ਵਿੱਚ ਕੇਬਲ ਮਾਫੀਆ ਕਿਹੜੇ ਲੋਕਾਂ ਨੇ ਪੈਦਾ ਕੀਤਾ ਸੀ। ਹਰਭਜਨ ਸਿੰਘ ਈ.ਟੀ.ਓ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਿਧਾਇਕਾਂ ਵਿਰੁੱਧ ਵਰਤੀ ਭੱਦੀ ਸ਼ਬਦਾਵਲੀ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਸੂਬੇ ਨੂੰ ਕੰਗਾਲ ਕਰਕੇ ਰੱਖ ਦਿੱਤਾ ਸੀ ਜਦਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਚਲਾਇਆ ਕਮਿਸ਼ਨ ਦਾ ਸੱਭਿਆਚਾਰ ਬੰਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਸਰਕਾਰੀ ਪ੍ਰਾਜੈਕਟਾਂ ਵਿੱਚੋਂ ਬਚ ਰਿਹਾ ਪੈਸਾ ਲੋਕਾਂ ਦੇ ਹਿੱਤਾਂ ਲਈ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਣਾ ਤੇ ਸਨੌਰ ਦੀਆਂ ਦੋਵੇਂ ਸੜਕਾਂ ਦੀ ਪ੍ਰਵਾਨਗੀ 39 ਕਰੋੜ ਰੁਪਏ ਦੀ ਦਿੱਤੀ ਗਈ ਸੀ ਪਰੰਤੂ ਇਸ ਦੇ ਟੈਂਡਰ 31 ਕਰੋੜ ਰੁਪਏ ਵਿੱਚ ਲੱਗੇ ਤੇ ਇਸ ਤਰ੍ਹਾਂ 8 ਕਰੋੜ ਰੁਪਏ ਬਚਾਏ ਗਏ ਹਨ।
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਅਕਾਲੀ ਰਾਜ ਸਮੇਂ ਕੇਬਲ ਮਾਫੀਆ ਨੇ ਕਤਲ ਕੀਤੇ ਤੇ ਧੱਕੇ ਨਾਲ ਦੂਜੇ ਉਪਰੇਟਰਾਂ ਦੀਆਂ ਤਾਰਾਂ ਕੱਟੀਆਂ ਤੇ ਅਕਾਲੀ ਦਲ ਦੇ 10 ਸਾਲਾਂ ਤੇ ਕਾਂਗਰਸ ਦੇ 5 ਸਾਲਾਂ ਦੇ ਰਾਜ ਵਿੱਚ ਕਿਸੇ ਦੂਜੀ ਕੰਪਨੀ ਨੂੰ ਪੰਜਾਬ ਅੰਦਰ ਪੈਰ ਨਹੀਂ ਪਾਉਣ ਦਿੱਤਾ ਜਦਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਸਸਤੇ ਭਾਅ ਕੇਬਲ ਸੇਵਾ ਦੇਣ ਵਾਲੀਆਂ ਕੰਪਨੀਆਂ ਨੂੰ ਪੰਜਾਬ ਆਉਣ ਦਾ ਮੌਕਾ ਦਿੱਤਾ ਹੈ। ਇਸ ਮੌਕੇ ਇੰਦਰਜੀਤ ਸਿੰਘ ਸੰਧੂ, ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਹਰਜਿੰਦਰ ਸਿੰਘ ਮਿੰਟੂ, ਬਲਕਾਰ ਸਿੰਘ ਗੱਜੂਮਾਜਰਾ, ਗੁਲਜਾਰ ਸਿੰਘ ਵਿਰਕ ਤੇ ਗੁਰਦੇਵ ਸਿੰਘ ਟਿਵਾਣਾ ਵੀ ਮੌਜੂਦ ਸਨ।

Leave a Reply

Your email address will not be published. Required fields are marked *