-ਖੇਡਾਂ ਨੂੰ ਪ੍ਰਫੁਲਤ ਕਰਨ ਲਈ ਯੂ.ਕੇ. ਦੀਆਂ ਸਪੋਰਟਸ ਯੂਨੀਵਰਸਿਟੀਆਂ ਤੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦਰਮਿਆਨ ਦੁਵੱਲੇ ਸਹਿਯੋਗ ‘ਤੇ ਚਰਚਾ
-ਕੈਰੋਲਾਈਨ ਰੋਵੈਟ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬ ਅੰਦਰ ਪ੍ਰਫੁੱਲਤ ਹੋ ਰਹੇ ਖੇਡ ਸੱਭਿਆਚਾਰ ਦੀ ਵੀ ਸ਼ਲਾਘਾ
ਪਟਿਆਲਾ, 18 ਅਕਤੂਬਰ
ਚੰਡੀਗੜ੍ਹ ਵਿੱਚ ਬਰਤਾਨੀਆ ਦੇ ਡਿਪਟੀ ਹਾਈ ਕਮਿਸ਼ਨਰ ਕੈਰੋਲਾਈਨ ਰੋਵੈਟ ਨੇ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਇੱਕ ਵਿਸਥਾਰਤ ਮੁਲਾਕਾਤ ਕਰਕੇ ਖੇਡਾਂ ਸਮੇਤ ਹੋਰ ਵੱਖ-ਵੱਖ ਮੁੱਦੇ ਵਿਚਾਰੇ। ਇਸ ਮੌਕੇ ਖੇਡਾਂ ਦੀ ਪ੍ਰਫੁਲਤਾ ਲਈ ਯੂ.ਕੇ. ਦੀਆਂ ਖੇਡ ਯੂਨੀਵਰਸਿਟੀਆਂ ਨਾਲ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਨਾਲ ਦੁਵੱਲੇ ਸਹਿਯੋਗ ਉਪਰ ਚਰਚਾ ਕੀਤੀ ਗਈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲਾਈਨ ਰੋਵੈਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖੇਡਾਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਵਿਖੇ ਸਥਾਪਤ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਅਤੇ ਯੂ.ਕੇ. ਦੀਆਂ ਖੇਡ ਯੂਨੀਵਰਸਿਟੀਆਂ ਦਰਮਿਆਨ ਆਪਸੀ ਸਹਿਯੋਗ ਰਾਹੀਂ ਖੇਡਾਂ ਦੇ ਖੇਤਰ ‘ਚ ਹੋਰ ਪ੍ਰਪੱਕਤਾ ਲਿਆਂਦੀ ਜਾ ਸਕੇਗੀ। ਇਸ ਲਈ ਇਨ੍ਹਾਂ ਯੂਨੀਵਰਸਿਟੀਆਂ ਦਰਮਿਆਨ ਦੁਵੱਲੇ ਸਹਿਯੋਗ ਦੀਆਂ ਸੰਭਾਵਨਾਂ ਵਿਚਾਰੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਲਦ ਹੀ ਘਨੌਰ ਇਲਾਕੇ ਵਿੱਚ ਖੇਡ ਵਿਭਾਗ ਵੱਲੋਂ ਕਰੀਬ 1 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਨਰਸਰੀ ਸਥਾਪਤ ਕੀਤੀ ਜਾ ਰਹੀ ਹੈ।
ਇਸ ਗੱਲਬਾਤ ਦੌਰਾਨ ਕੈਰੋਲਾਈਨ ਰੋਵੈਟ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਸ਼ੁਰੂ ਕਰਨ ਅਤੇ ‘ਖੇਡ ਨਰਸਰੀਆਂ’ ਸਥਾਪਤ ਕਰਨ ਦੇ ਫੈਸਲੇ ਦੀ ਭਰਵੀਂ ਸ਼ਲਾਘਾ ਕੀਤੀ। ਰੋਵੈਟ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਅੰਦਰ ਵਿਕਸਤ ਹੋ ਰਹੇ ਖੇਡ ਸੱਭਿਆਚਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਤੇ ਖੁਸ਼ੀ ਦੀ ਗੱਲ ਹੈ ਕਿ ਏਸ਼ੀਅਨ ਖੇਡਾਂ ਵਿੱਚ ਵੀ ਪੰਜਾਬ ਦੇ ਖਿਡਾਰੀਆਂ ਨੇ ਚੰਗੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਨੇ ਬ੍ਰਿਟ੍ਰਿਸ਼ ਹਾਈ ਕਮਿਸ਼ਨ ਵੱਲੋਂ ਆਪਣੇ ਸਹਿਯੋਗ ਦਾ ਵੀ ਵਾਅਦਾ ਕੀਤਾ।
ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਨਾਲ ਇਹ ਮੁਲਾਕਾਤ, ‘ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਫਾਰ ਏ ਡੇਅ’ ਮੁਕਾਬਲੇ ਦੀ ਜੇਤੂ ਕਾਵਿਆ ਅਗਰਵਾਲ ਤੇ ਰਨਰ ਅਪ ਤਾਨਿਆ ਸੂਦ ਨੂੰ ਯੂ.ਕੇ. ਦੇ ਡਿਪਟੀ ਹਾਈ ਕਮਿਸ਼ਨਰ ਕੈਰੋਲਾਈਨ ਰੋਵੈਟ ਤੇ ਹੋਰ ਮੈਂਬਰਾਂ ਨਾਲ ਇੱਕ ਦਿਨ ਬਿਤਾਉਣ ਦਾ ਮੌਕਾ ਦੇਣ ਵਜੋਂ ਸੀ। ਇਸ ਦੌਰਾਨ ਆਗੂ ਵਜੋਂ ਔਰਤਾਂ, ਮਹਿਲਾ ਸ਼ਸਕਤੀਕਰਨ ਤੇ ਅਧਿਕਾਰਾਂ ਸਮੇਤ ਹੋਰ ਮੁੱਦਿਆਂ ਉਪਰ ‘ਤੇ ਵੀ ਚਰਚਾ ਕੀਤੀ ਗਈ।
ਇਸ ਤੋਂ ਪਹਿਲਾਂ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲਾਈਨ ਰੋਵੈਟ, ਵਿਦਿਆਰਥਣਾਂ ਕਾਵਿਆ ਤੇ ਤਾਨਿਆ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਦੇ ਸਿਆਸੀ, ਪ੍ਰੈਸ ਤੇ ਪ੍ਰਾਜੈਕਟ ਸਲਾਹਕਾਰ ਰਾਜਿੰਦਰ ਐਸ. ਨਾਗਰਕੋਟੀ ਨੇ ਪਿੰਡ ਧਾਰੋਂਕੀ ਸਥਿਤ ਲੜਕੀਆਂ ਦੀ ਕ੍ਰਿਕਟ ਅਕੈਡਮੀ ਦਾ ਦੌਰਾ ਕਰਕੇ ਗੁਲਾਬ ਸਿੰਘ ਸ਼ੇਰਗਿੱਲ ਵੱਲੋਂ ਲੜਕੀਆਂ ਨੂੰ ਕ੍ਰਿਕਟ ਦੀ ਦਿੱਤੀ ਜਾ ਰਹੀ ਟ੍ਰੇਨਿੰਗ ਦਾ ਵੀ ਜਾਇਜ਼ਾ ਲਿਆ।