ਮੋਦੀ ਸਰਕਾਰ ਨਾ ਤਾਂ 15-15 ਲੱਖ ਰੁਪਏ ਦੇ ਸਕੀ ਅਤੇ ਨਾ ਹੀ ਕਾਲਾ ਧਨ ਵਾਪਸ ਲਿਆ ਸਕੀ : ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਇਹ ਨਾ ਤਾਂ ਜਨਤਾ ਨੂੰ 15-15 ਲੱਖ ਰੁਪਏ ਦੇ ਸਕੀ ਅਤੇ ਨਾ ਹੀ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆ ਸਕੀ। ਉਹ ਸ਼ਨੀਵਾਰ ਛੱਤੀਸਗੜ੍ਹ ਵਿਚ ਆਮ ਆਦਮੀ ਪਾਰਟੀ ਦੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕ ਸਭਾ ਦੀਆਂ ਆਮ ਚੋਣਾਂ ਵਿਚ ਹੁਣ ਸਿਸਟਮ ਨੂੰ ਬਦਲਣ ਦੀ ਲੋੜ ਹੈ। 70 ਸਾਲਾਂ ਵਿਚ ਜਨਤਾ ਲਈ ਕੁਝ ਨਹੀਂ ਕੀਤਾ ਗਿਆ। ਹੁਣ ਜਨਤਾ ਨੇ ਸਿਰਫ ਭਾਜਪਾ ਤੋਂ ਕੁਰਸੀਆਂ ਲੈ ਕੇ ਆਮ ਆਦਮੀ ਪਾਰਟੀ ਨੂੰ ਸੌਂਪਣੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਡੇਢ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਸੀ ਅਤੇ ਆਉਂਦਿਆਂ ਹੀ ਇਸ ਨੇ ਪਹਿਲੇ 6 ਮਹੀਨਿਆਂ ਵਿਚ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਦਿੱਤੀ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਿੱਲੀ ਵਿਚ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਰਹੀ ਹੈ।  ਇਸ ਸਮੇਂ ਪੰਜਾਬ ਦੇ 85 ਤੋਂ 90 ਫੀਸਦੀ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਅਸੀਂ ਦਿੱਲੀ ਸਰਕਾਰ ਦੇ ਤਜਰਬਿਆਂ ਤੋਂ ਸਿੱਖਿਆ ਲੈਂਦੇ ਹੋਏ ਪੰਜਾਬ ਵਾਸੀਆਂ ਦੀ ਭਲਾਈ ਲਈ ਕੰਮ ਕਰਨੇ ਸ਼ੁਰੂ ਕੀਤੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ 664 ਆਮ ਆਦਮੀ ਕਲੀਨਿਕ ਖੁੱਲ੍ਹ ਚੁੱਕੇ ਹਨ ਅਤੇ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਕਲੀਨਿਕਾਂ ਵਿਚ 40 ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੇ 15-15 ਲੱਖ ਰੁਪਏ ਦੇਣ ਅਤੇ ਕਾਲਾ ਧਨ ਵਾਪਸ ਲਿਆਉਣ ਦੇ ਵਾਅਦੇ ਜੁਮਲੇ ਸਾਬਤ ਹੋਏ ਹਨ, ਜਦੋਂਕਿ ਹੁਣ ਕੇਜਰੀਵਾਲ ਅਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਬਿਜਲੀ, ਮੁਫ਼ਤ ਮੈਡੀਕਲ ਸਹੂਲਤਾਂ ਅਤੇ ਮੁਫ਼ਤ ਸਿੱਖਿਆ ਦਿੱਤੀ ਹੈ ਤਾਂ ਇਹ ਲੋਕ ਕਹਿ ਰਹੇ ਹਨ ਕਿ ਅਸੀਂ ਰਿਓੜੀਆਂ ਵੰਡ ਰਹੇ ਹਾਂ।

 ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਭਾਜਪਾ ਵਾਲੇ ਮੁੜ ਨਵੇਂ-ਨਵੇਂ ਜੁਮਲੇ ਸੁਣਾ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਨਗੇ। ਇਨ੍ਹਾਂ ਨੇ ਲੋਕਾਂ ਨੂੰ ਨੌਕਰੀਆਂ ਤਾਂ ਦਿੱਤੀਆਂ ਨਹੀਂ, ਸਗੋਂ ਸਿਰਫ ਲੁੱਟਣ ਦਾ ਹੀ ਕੰਮ ਕੀਤਾ ਹੈ। ਦਿੱਲੀ ਵਿਚ ਸਿੱਖਿਆ ਇੰਨੀ ਵਧੀਆ ਹੋ ਗਈ ਹੈ ਕਿ ਇਕ ਜੱਜ ਦਾ ਬੇਟਾ, ਇਕ ਕੁਲੈਕਟਰ ਦਾ ਬੇਟਾ ਅਤੇ ਇਕ ਝੁੱਗੀ ਵਿਚ ਰਹਿਣ ਵਾਲੇ ਵਿਅਕਤੀ ਦਾ ਬੇਟਾ ਇਕੋ ਬੈਂਚ ’ਤੇ ਬੈਠ ਕੇ ਸਿੱਖਿਆ ਪ੍ਰਾਪਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਦਲਾਅ ਦੀ ਲਹਿਰ ਚੱਲੀ ਸੀ ਅਤੇ ਆਮ ਆਦਮੀ ਪਾਰਟੀ ਸੱਤਾ ਵਿਚ ਆ ਗਈ ਸੀÍ ਅਜਿਹੀ ਹੀ ਲਹਿਰ ਹੁਣ ਛੱਤੀਸਗੜ੍ਹ ਵਿਚ ਵੀ ਚੱਲ ਰਹੀ ਹੈ। ਪੰਜਾਬ ਵਿਚ ਨੌਕਰੀਆਂ ਮੈਰਿਟ ਤੇ ਪਾਰਦਰਸ਼ੀ ਢੰਗ ਨਾਲ ਦਿੱਤੀਆਂ ਜਾ ਰਹੀਆਂ ਹਨ। ਹੁਣ ਕੋਈ ਭਾਈ-ਭਤੀਜਾਵਾਦ ਨਹੀਂ ਹੋ ਰਿਹਾ। ਹੁਣ ਨਾ ਤਾਂ ਪੈਸਾ ਚੱਲਦਾ ਹੈ ਅਤੇ ਨਾ ਹੀ ਸਿਫ਼ਾਰਿਸ਼ਾਂ। ਪਿਛਲੀਆਂ ਸਰਕਾਰਾਂ ਦੌਰਾਨ ਭ੍ਰਿਸ਼ਟਾਚਾਰ ਸਿਖ਼ਰਾਂ ’ਤੇ ਸੀ ਪਰ ਹੁਣ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ’ਤੇ ਨੱਥ ਪਾਈ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿਤਾ ਜਾਂ ਦਾਦਾ ਸਿਆਸਤ ਵਿਚ ਨਹੀਂ ਸਨ। ਅਸੀਂ ਸੁਧਾਰ ਕਰਨ ਲਈ ਨਿਕਲੇ ਹਾਂ ਅਤੇ ਆਮ ਘਰਾਂ ਨਾਲ ਸਬੰਧਤ ਹਾਂ।

Leave a Reply

Your email address will not be published. Required fields are marked *