ਪਟਿਆਲਾ, 30 ਅਕਤੂਬਰ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਅਨਾਜ ਮੰਡੀ ਦਾ ਦੌਰਾ ਕਰਕੇ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨਾਲ ਮੰਡੀ ਵਿਖੇ ਹੀ ਮੀਟਿੰਗ ਕੀਤੀ ਅਤੇ ਸਖ਼ਤ ਹਦਾਇਤ ਕੀਤੀ ਕਿ ਦੀਵਾਲੀ ਦੇ ਤਿਉਹਾਰ ਮੌਕੇ ਕੋਈ ਕਿਸਾਨ ਮੰਡੀਆਂ ਵਿੱਚ ਬੈਠਕੇ ਆਪਣੀ ਫ਼ਸਲ ਵਿਕਣ ਦੀ ਉਡੀਕ ਨਾ ਕਰੇ।
ਡਿਪਟੀ ਕਮਿਸ਼ਨਰ ਨੇ ਮੰਡੀ ’ਚ ਵਿਕਣ ਆਏ ਝੋਨੇ ਦੀਆਂ ਢੇਰੀਆਂ ਦਾ ਖ਼ੁਦ ਮੁਆਇਨਾ ਕਰਦਿਆਂ ਮੀਟਰ ਨਾਲ ਨਮੀ ਚੈਕ ਕੀਤੀ ਅਤੇ ਨਿਰਧਾਰਤ ਨਮੀ ਵਾਲੀਆਂ ਸਾਰੀਆਂ ਢੇਰੀਆਂ ਦੀ ਤੁਰੰਤ ਬੋਲੀ ਲਗਾਉਣ ਦੀ ਹਦਾਇਤ ਕੀਤੀ।
ਡਾ. ਪ੍ਰੀਤੀ ਯਾਦਵ ਨੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਬਲਵੰਤ ਰਾਏ ਪਿੰਡ ਹਸਨਪੁਰ, ਗੁਰਜੀਤ ਸਿੰਘ ਪਿੰਡ ਜਾਫ਼ਰਪੁਰ ਨਾਲ ਗੱਲਬਾਤ ਕਰਕੇ ਮੰਡੀ ਪ੍ਰਬੰਧਾਂ ਦੀ ਫੀਡ ਬੈਕ ਲਈ ਤਾਂ ਕਿਸਾਨਾਂ ਨੇ ਮੰਡੀ ਪ੍ਰਬੰਧਾਂ ’ਤੇ ਤਸੱਲੀ ਦਾ ਇਜ਼ਹਾਰ ਕੀਤਾ ਅਤੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਉਹ ਅੱਜ ਹੀ ਆਪਣਾ ਝੋਨਾ ਮੰਡੀ ਵਿੱਚ ਲੈ ਕੇ ਆਏ ਸੀ, ਜਿਸ ਦੀ ਤੁਰੰਤ ਵਿੱਕਰੀ ਹੋ ਗਈ।
ਡਿਪਟੀ ਕਮਿਸ਼ਨਰ ਨੇ ਖ਼ਰੀਦ ਏਜੰਸੀਆਂ ਤੇ ਖ਼ੁਰਾਕ ਸਪਲਾਈ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਆੜ੍ਹਤੀਆਂ ਅਤੇ ਕਿਸਾਨਾਂ ਤੋਂ ਪ੍ਰਾਪਤ ਫੀਡ ਬੈਕ ਦੇ ਹਵਾਲੇ ਨਾਲ ਕਿਹਾ ਕਿ ਜਿਥੇ ਸ਼ੈਲਰ ਅਲਾਟਮੈਂਟ ਹੋ ਗਈ ਹੈ ਉਥੇ ਬਾਰਦਾਨਾ ਸ਼ੈਲਰ ਵੱਲੋਂ ਪ੍ਰਦਾਨ ਕੀਤਾ ਜਾਵੇਗਾ ਅਤੇ ਜਿਥੇ ਹਾਲੇ ਅਲਾਟਮੈਂਟ ਨਹੀਂ ਹੋਈ ਉਥੇ ਸਰਕਾਰ ਵੱਲੋਂ ਬਾਰਦਾਨਾ ਦਿੱਤਾ ਜਾ ਰਿਹਾ ਹੈ। ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਨਮੀ ਘੱਟ-ਵੱਧ ਦੇ ਨਾਮ ’ਤੇ ਕਿਸੇ ਕਿਸਾਨ ਦੀ ਜਿਣਸ ਦੀ ਬੋਲੀ ਨਾ ਰੁਕੇ ਅਤੇ ਉਸ ਨੂੰ ਤਿਉਹਾਰ ਮੌਕੇ ਮੰਡੀਆਂ ਵਿੱਚ ਨਾ ਬੈਠਣਾ ਪਵੇ। ਇਸ ਮੌਕੇ ਏਡੀਸੀ ਨਵਰੀਤ ਕੌਰ ਸੇਖੋਂ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਫੋਟੋ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨਵੀਂ ਅਨਾਜ ਮੰਡੀ ਵਿਖੇ ਖ਼ਰੀਦ ਏਜੰਸੀਆਂ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨਾਲ ਬੈਠਕ ਕਰਦੇ ਹੋਏ।