ਸਥਾਨਕ ਸਰਕਾਰਾਂ ਮੰਤਰੀ ਨੇ ਸਮੀਖਿਆ ਮੀਟਿੰਗ ’ਚ ਅਧਿਕਾਰੀਆਂ ਨੂੰ ਚੱਲ ਰਹੇ ਪ੍ਰਾਜੈਕਟਾਂ/ਕਾਰਜਾਂ ਵਿੱਚ ਉੱਚ ਪੱਧਰੀ ਗੁਣਵੱਤਾ ਲਿਆਉਣ ਦੇ ਦਿੱਤੇ ਨਿਰਦੇਸ਼
ਮੰਤਰੀ ਨੇ ਵਿਧਾਇਕਾਂ ਨਾਲ ਵੱਖ-ਵੱਖ ਸਕੀਮਾਂ ਅਧੀਨ ਕਾਰਜਾਂ ਅਤੇ ਫੰਡਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਅਧਿਕਾਰੀਆਂ ਨੂੰ ਵੀ ਵਿਕਾਸ ਕਾਰਜਾਂ ਸਬੰਧੀ ਵਿਧਾਇਕਾਂ ਨਾਲ ਮੁਕੰਮਲ ਜਾਣਕਾਰੀ ਸਾਂਝੀ ਕਰਨ ਦੀ ਕੀਤੀ ਅਪੀਲ
ਚੰਡੀਗੜ੍ਹ, 19 ਜਨਵਰੀ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਪੰਜਾਬ ਭਰ ’ਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕੀਤਾ।
ਅੱਜ ਇਥੇ ਮਿਉਂਸੀਪਲ ਭਵਨ ਸੈਕਟਰ-35 ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵੱਲੋਂ ਕਮਿਸ਼ਨਰ ਨਗਰ ਨਿਗਮ ਜਲੰਧਰ, ਕਪੂਰਥਲਾ ਅਤੇ ਫਗਵਾੜਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ/ਜਨਰਲ), ਜਲੰਧਰ ਅਤੇ ਕਪੂਰਥਲਾ ਤੋਂ ਇਲਾਵਾ ਨਗਰ ਕੌਂਸਲ/ਨਗਰ ਪੰਚਾਇਤ, ਨਕੋਦਰ, ਆਦਮਪੁਰ, ਅਲਾਵਪੁਰ, ਭੋਗਪੁਰ, ਕਰਤਾਰਪੁਰ, ਨੂਰਮਹਿਲ, ਫਿਲੋਰ, ਗੋਰਾਇਆ, ਲੋਹੀਆ ਖਾਸ, ਮਹਿਤਪੁਰ, ਸ਼ਾਹਕੋਟ, ਬਿਲਗਾ, ਸੁਲਤਾਨਪੁਰ ਲੋਧੀ, ਭਲੁੱਥ, ਬੇਗੋਵਾਲ, ਨਡਾਲਾ ਅਤੇ ਢਿਲੱਵਾ ਦੇ ਕਾਰਜ ਸਾਧਕ ਅਫਸਰਾਂ ਪਾਸੋਂ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਸਬੰਧੀ ਸਮੀਖਿਆ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਚੱਲ ਰਹੇ ਕਾਰਜਾਂ ਵਿੱਚ ਉੱਚ ਪੱਧਰੀ ਗੁਣਵੱਤਾ ਲਿਆਉਣ ਦੇ ਨਿਰਦੇਸ਼ ਦਿੱਤੇ ਗਏ।
ਇਸ ਰੀਵੀਊ ਮੀਟਿੰਗ ਵਿੱਚ ਮੈਂਬਰ ਆਫ ਪਾਰਲੀਮੈਂਟ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕਾਂ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਅਤੇ ਮੰਤਰੀ ਵੱਲੋਂ ਮੈਂਬਰਾਂ ਦੇ ਹਲਕਿਆਂ ਦੇ ਕਾਰਜਾਂ ਅਤੇ ਫੰਡਾਂ ਬਾਰੇ ਉਹਨਾਂ ਨਾਲ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਗਈ।
ਸਥਾਨਕ ਸਰਕਾਰਾਂ ਮੰਤਰੀ ਨੇ ਮੀਟਿੰਗ ਦੌਰਾਨ ਸਵੱਛ ਭਾਰਤ ਮਿਸ਼ਨ, ਅਮਰੁਤ ਮਿਸ਼ਨ ਅਧੀਨ ਆਉਂਦੇ ਵੱਖ-ਵੱਖ ਪ੍ਰਾਜੈਕਟਾਂ/ਕੰਮਾਂ ਜਿਵੇਂ ਕਿ ਸਵੱਛ ਭਾਰਤ ਮਿਸ਼ਨ 1 ਅਤੇ 2 ਅਧੀਨ ਅਣਵਰਤੀ ਰਾਸ਼ੀ, ਬਣ ਰਹੇ ਸੀਵਰੇਜ਼ ਟਰੀਟਮੈਂਟ ਪਲਾਂਟਾਂ ਲਈ ਜਗ੍ਹਾ ਦੀ ਉਪਲਬੱਧਤਾ ਅਤੇ ਅਮਰੁਤ 2 ਅਧੀਨ ਵਾਟਰ ਟਰੀਟਮੈਂਟ ਪਲਾਂਟਾਂ ਲਈ ਜਗ੍ਹਾ ਦੀ ਉਪਲਬੱਧਤਾ, ਟਰਾਂਚ -3 ਅਮਰੁਤ ਅਤੇ ਐਮ.ਡੀ.ਐਫ./ਪੀ.ਆਈ.ਡੀ.ਬੀ. ਅਧੀਨ ਚਲ ਰਹੇ ਵਿਕਾਸ ਕਾਰਜਾਂ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਪੂਰਵਕ ਚਰਚਾ ਕਰਦਿਆਂ ਇਹਨਾਂ ਕੰਮਾਂ ਦੀ ਮੁਕੰਮਲ ਜਾਣਕਾਰੀ ਪ੍ਰਾਪਤ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮਾਂ ਸੀਮਾ ਅੰਦਰ ਮੁਕੰਮਲ ਕੀਤਾ ਜਾਵੇ।
ਉਨ੍ਹਾਂ ਨੇ ਅੱਗੇ ਅਧਿਕਾਰੀਆਂ ਨੂੰ ਕਿਹਾ ਕਿ ਜਿਨ੍ਹਾਂ ਕੰਮਾਂ ਦੀ ਡੀਪੀਆਰ ਮਨਜ਼ੂਰ ਹੋ ਚੁੱਕੀ ਹੈ ਉਨ੍ਹਾਂ ਕੰਮਾਂ ਦੀ ਦਫਤਰੀ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਜਲਦ ਤੋਂ ਜਲਦ ਕੰਮ ਸ਼ੁਰੂ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਅੱਗੇ ਕਿਹਾ ਕਿ ਹੋਰਨਾਂ ਕਾਰਜਾਂ ਲਈ ਡੀ ਪੀ ਆਰ ਦੀ ਮੰਜੂਰੀ ਸਬੰਧੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜਿਥੇ ਕਿਤੇ ਸੀਵਰੇਜ਼ ਟਰੀਟਮੈਂਟ ਪਲਾਂਟਾਂ ਅਤੇ ਵਾਟਰ ਟਰੀਟਮੈਂਟ ਪਲਾਂਟਾਂ ਲਈ ਜਗ੍ਹਾ ਦੀ ਉਪਲਬੱਧਤਾ ਬਾਰੇ ਦਿੱਕਤ ਪੇਸ਼ ਆ ਰਹੀ ਹੋਵੇ ਉਥੇ ਸਬੰਧਤ ਹਲਕੇ ਦੇ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਇਸ ਮਸਲੇ ਦਾ ਜਲਦੀ ਹੱਲ ਕੱਢਿਆ ਜਾਵੇ ਤਾਂ ਜੋ ਸੂਬਾ ਵਾਸੀਆਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ।
ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਕਿ ਵੱਖ-ਵੱਖ ਸਕੀਮਾਂ ਅਧੀਨ ਅਣਵਰਤੇ ਫੰਡਾਂ ਨੂੰ ਜਲਦ ਤੋਂ ਜਲਦ ਖਰਚ ਕੀਤਾ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖਤੀ ਨਾਲ ਆਦੇਸ਼ ਦਿੱਤੇ ਕਿ ਵੱਖ-ਵੱਖ ਸਕੀਮਾਂ ਅਧੀਨ ਅਣਵਰਤੇ ਫੰਡਾਂ ਨੂੰ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖਰਚ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਆਪੋ-ਆਪਣੇ ਖੇਤਰ ਵਿੱਚ ਸੀਵਰੇਜ ਦੀ ਸਾਫ-ਸਫਾਈ, ਪਾਰਕਾਂ ਦੇ ਰੱਖ ਰਖਾਅ, ਸਟਰੀਟ ਲਾਈਟਾਂ ਆਦਿ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਤੋਂ ਇਲਾਵਾ ਇਲਾਕੇ ਵਿੱਚ ਵਿਰਾਸਤੀ ਰਹਿੰਦ- ਖੂੰਹਦ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਜੇਕਰ ਵਿਕਾਸ ਕਾਰਜਾਂ ਲਈ ਕਿਸੇ ਨੂੰ ਹੋਰ ਵਾਧੂ ਫੰਡਾਂ ਦੀ ਲੋੜ ਹੋਵੇ ਤਾਂ ਇਸ ਸਬੰਧੀ ਮੁਕੰਮਲ ਐਕਸ਼ਨ ਪਲਾਨ ਮੁੱਖ ਦਫ਼ਤਰ ਨੂੰ ਭੇਜਿਆ ਜਾਵੇ।
ਇਸ ਦੌਰਾਨ ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ ਹਲਕੇ ਦੇ ਵਿਧਾਇਕਾਂ ਨੂੰ ਵੱਖ-ਵੱਖ ਸਕੀਮਾਂ ਅਧੀਨ ਆਉਂਦੇ ਵੱਖ-ਵੱਖ ਕਾਰਜਾਂ ਅਤੇ ਇਸ ਸਬੰਧੀ ਜਾਰੀ ਕੀਤੇ ਫੰਡਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਉਨ੍ਹਾਂ ਵੱਲੋਂ ਵਿਧਾਇਕਾਂ ਨਾਲ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਕਿ ਕਿਹੜੀ ਸਕੀਮ ਅਧੀਨ ਕਿੰਨਾ ਬਜਟ ਅਲਾਟ ਕੀਤਾ ਗਿਆ ਹੈ ਤਾਂ ਜੋ ਸਮਾਂਬੱਧ ਅਤੇ ਸੁਚੱਜੇ ਢੰਗ ਨਾਲ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਸੂਬੇ ਦਾ ਵਿਆਪਕ ਵਿਕਾਸ ਕਰਨਾ ਹੈ।
ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ ਹਲਕੇ ਦੇ ਵਿਧਾਇਕਾਂ ਨਾਲ ਵਿਕਾਸ ਕਾਰਜਾਂ ਸਬੰਧੀ ਰਾਬਤਾ ਕਾਇਮ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਵਿਕਾਸ ਕਾਰਜਾਂ ਸਬੰਧੀ ਸਾਰੀ ਜਾਣਕਾਰੀ ਵਿਧਾਇਕਾਂ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਦੀ ਜ਼ਰੂਰਤ ਅਨੁਸਾਰ ਇਲਾਕਾ ਵਾਸੀਆਂ ਲਈ ਵਿਕਾਸ ਕਾਰਜ ਕਰਵਾਏ ਜਾ ਸਕਣ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਇਸ ਦਾ ਨਿਪਟਾਰਾ ਸਬੰਧਤ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਕੇ ਤੁਰੰਤ ਕਰਵਾਇਆ ਜਾਵੇ।
ਇਸ ਮੌਕੇ ਵਿਧਾਇਕਾਂ ਵਿੱਚ ਰਮਨ ਅਰੋੜਾ, ਸ਼ੀਤਲ ਅੰਗੁਰਾਲ, ਇੰਦਰਜੀਤ ਕੌਰ ਮਾਨ ਤੋਂ ਇਲਾਵਾ ਪੀ.ਐਮ.ਆਈ.ਡੀ.ਸੀ. ਦੀ ਸੀ.ਈ.ਓ. ਦੀਪਤੀ ਉੱਪਲ, ਮਿਉਂਸੀਪਲ ਕੌਂਸਲ ਅਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫਸਰ, ਆਮ ਆਦਮੀ ਪਾਰਟੀ ਦੇ ਆਗੂ ਅਤੇ ਹਲਕਾ ਇੰਚਾਰਜ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।