ਸਰਸ ਮੇਲੇ ‘ਚ ਬਾਜ਼ੀਗਰਾਂ ਦੀ ਬਾਜ਼ੀ ਨੇ ਦਰਸ਼ਕ ਕੀਲੇ

ਪਟਿਆਲਾ, 17 ਫਰਵਰੀ:
ਵਿਰਾਸਤੀ ਸ਼ੀਸ਼ ਮਹਿਲ ਵਿਖੇ ਲੱਗੇ ਸਰਸ ਮੇਲੇ ‘ਚ ਜਿਥੇ ਸਟੇਜ ‘ਤੇ ਵੱਖ ਵੱਖ ਰਾਜਾਂ ਤੋਂ ਆਏ ਕਲਾਕਾਰਾਂ ਵੱਲੋਂ ਪੇਸ਼ਕਾਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਬਾਜ਼ੀਗਰਾਂ ਵੱਲੋਂ ਸ਼ੀਸ਼ ਮਹਿਲ ਦੇ ਵਿਹੜੇ ‘ਚ ਬਾਜ਼ੀਆਂ ਪਾਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਡਿੱਖ ਤੋਂ ਆਈ ਬਾਜ਼ੀਗਰਾਂ ਦੀ ਟੀਮ ਵੱਲੋਂ ਢੋਲ ਦੀ ਡੱਗੇ ਨਾਲ ਪੌੜੀ ਤੇ ਮੰਜੇ ਦੇ ਉੱਪਰੋਂ ਪੁੱਠੀ ਛਾਲ, ਬਾਂਸਾਂ ਵਿਚੋਂ ਲੰਘ ਕੇ, ਛੱਲੇ ‘ਚੋ ਲੰਘ ਕੇ ਤੇ ਗਲੇ ਦੇ ਜ਼ੋਰ ਨਾਲ ਸਰੀਏ ਨੂੰ ਮੋੜਨ ਵਰਗੇ ਕਰਤੱਬ ਕਰਕੇ ਸਰਸ ਮੇਲੇ ‘ਚ ਪੁੱਜੇ ਦਰਸ਼ਕ ਨੂੰ ਆਪਣੀ ਕਲਾਂ ਨਾਲ ਮੋਹਿਆ ਜਾ ਰਿਹਾ ਹੈ। ਉੱਤਰ ਖੇਤਰੀ ਸਭਿਆਚਾਰ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਸਰਸ ਮੇਲੇ ‘ਚ ਆਪਣੀ ਪ੍ਰਤਿਭਾ ਦਿਖਾ ਰਹੀ ਬਾਜ਼ੀਗਰਾਂ ਦੀ ਟੀਮ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਪਿੰਡਾਂ ਦੀਆਂ ਖੇਡਾਂ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਕਾਰਗਰ ਸਾਬਤ ਹੋਣਗੇ।
ਸਰਸ ਮੇਲੇ ‘ਚ ਕਰਤੱਬ ਦੇਖ ਰਹੇ ਛੋਟੇ ਬੱਚੇ ਨੇ ਕਿਹਾ ਕਿ ਫ਼ਿਲਮਾਂ ‘ਚ ਹੁੰਦੇ ਸਟੰਟ ਸਾਡੇ ਸਾਹਮਣੇ ਕੀਤੇ ਜਾ ਰਹੇ ਹਨ। ਇਸ ਮੌਕੇ ਬਾਜ਼ੀਗਰਾਂ ਦੀ ਟੀਮ ਦੇ ਇੰਚਾਰਜ ਵਕੀਲ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਰਤੱਬ ਸਾਲਾਂ ਦੀ ਸਖਤ ਮਿਹਨਤ ਅਤੇ ਸਰੀਰ ਨੂੰ ਇਸ ਕਲਾਂ ਨੂੰ ਕਰਨ ਦੇ ਯੋਗ ਬਣਾਉਣ ਲਈ ਰੋਜ਼ਾਨਾ ਦੀ ਪ੍ਰੈਕਟਿਸ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਟੀਮ ਦੇ ਮੈਂਬਰ ਛਿੰਦਾ ਸਿੰਘ, ਸਤਨਾਮ ਸਿੰਘ ਸਮੇਤ ਕੁਲ ਅੱਠ ਮੈਂਬਰ ਹਨ ਤੇ ਡੋਲ ਮਾਸਟਰ ਮਿੱਠੂ ਸਿੰਘ ਦੇ ਡੱਗੇ ‘ਤੇ ਟੀਮ ਵੱਲੋਂ ਬਾਜ਼ੀਆਂ ਪਾਈਆਂ ਜਾਂਦੀਆਂ ਹਨ।
ਇਸ ਮੌਕੇ ਮੇਲੇ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ 23 ਫਰਵਰੀ ਤੱਕ ਬਾਜ਼ੀਗਰਾਂ ਸਮੇਤ ਹੋਰਨਾਂ ਵੱਖ ਵੱਖ ਕਲਾਵਾਂ ‘ਚ ਮੁਹਾਰਤ ਰੱਖਣ ਵਾਲੇ ਕਲਾਕਾਰਾਂ ਨੂੰ ਸਰਸ ਮੇਲੇ ਦੇ ਇਸ ਮੰਚ ਰਾਹੀਂ ਆਪਣੀ ਕਲਾਂ ਦਿਖਾਉਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਟੇਜ ‘ਤੇ ਅਤੇ ਮੇਲੇ ‘ਚ ਵੱਖ ਵੱਖ ਸਥਾਨਾਂ ‘ਤੇ ਸਵੇਰ ਤੋਂ ਹੀ ਕਲਾਕਾਰਾਂ ਵੱਲੋਂ ਆਪਣੀਆਂ ਪੇਸ਼ਕਾਰੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਇਸ ਮੇਲੇ ‘ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।

Leave a Reply

Your email address will not be published. Required fields are marked *