ਏ.ਡੀ.ਸੀ. ਇਸ਼ਾ ਸਿੰਗਲ ਨੇ ਜਾਰੀ ਕੀਤਾ ਵਾਲੀ ਪਟਿਆਲਾ ਦੀ ਵਿਰਾਸਤੀ ਸੈਰ ਦਾ ਪੋਸਟਰ

ਪਟਿਆਲਾ, 10 ਫਰਵਰੀ:
ਪਟਿਆਲਾ ਦੇ ਏ.ਡੀ.ਸੀ. (ਜ) ਇਸ਼ਾ ਸਿੰਗਲ ਨੇ ਪਟਿਆਲਾ ਹੈਰੀਟੇਜ ਫੈਸਟੀਵਲ-2025 ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਟਿਆਲਾ ਫਾਊਂਡੇਸ਼ਨ ਵੱਲੋਂ 14 ਫਰਵਰੀ ਨੂੰ ਸਵੇਰੇ 8.30 ਵਜੇ ਸ਼ਾਹੀ ਸਮਾਧਾਂ ਤੋਂ ਸ਼ੁਰੂ ਹੋਣ ਵਾਲੀ ਹੈਰੀਟੇਜ ਵਾਕ (ਵਿਰਾਸਤੀ ਸੈਰ) ਦਾ ਪੋਸਟਰ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਇਸ ਵਾਕ ਦੇ ਨੋਡਲ ਅਫ਼ਸਰ ਆਰ.ਟੀ.ਓ. ਨਮਨ ਮਾਰਕੰਨ, ਪਟਿਆਲਾ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਰਵੀ ਆਹਲੂਵਾਲੀਆ ਤੇ ਮੁੱਖ ਮੰਤਰੀ ਫ਼ੀਲਡ ਅਫ਼ਸਰ ਡਾ. ਨਵਜੋਤ ਸ਼ਰਮਾ ਵੀ ਮੌਜੂਦ ਸਨ।
ਏ.ਡੀ.ਸੀ. ਇਸ਼ਾ ਸਿੰਗਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ ਇਹ ਵਿਰਾਸਤੀ ਸੈਰ ਸਾਡੀ ਨੌਜਵਾਨ ਪੀੜ੍ਹੀ ਤੇ ਆਮ ਨਾਗਰਿਕਾਂ ਨੂੰ ਸ਼ਹਿਰ ਦੇ ਵਿਰਾਸਤੀ ਸਥਾਨਾਂ ਦੀ ਸੈਰ ਕਰਵਾਏਗੀ।
ਇਸ਼ਾ ਸਿੰਗਲ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੀ ਢਾਈ ਸ਼ਤਾਬਦੀਆਂ ਪੁਰਾਣੀ ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹੈਰੀਟੇਜ ਫੈਸਟੀਵਲ ਅਹਿਮ ਸਾਬਤ ਹੋ ਰਿਹਾ ਹੈ, ਇਸੇ ਤਹਿਤ ਹੀ ਵਿਰਾਸਤੀ ਸੈਰ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਉਲੀਕੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 14 ਫਰਵਰੀ ਨੂੰ ਪਟਿਆਲਾ ਫਾਊਂਡੇਸ਼ਨ ਦੇ ਪ੍ਰਾਜੈਕਟ ‘ਆਈ ਹੈਰੀਟੇਜ’ ਤਹਿਤ ਕਰਵਾਈ ਜਾਣ ਵਾਲੀ ਵਿਰਾਸਤੀ ਸੈਰ ਪਟਿਆਲਾ ਦੀਆਂ ਸ਼ਾਹੀ ਸਮਾਧਾਂ ਤੋਂ ਕਿਲਾ ਮੁਬਾਰਕ ਤੱਕ ਸ਼ਹਿਰ ਦੇ ਅੰਦਰ-ਅੰਦਰ ਬਣੇ ਹੋਏ ਵਿਰਾਸਤੀ ਰਸਤੇ ਤੋਂ ਹੁੰਦੇ ਹੋਏ ਪੁਰਾਣੇ ਸ਼ਹਿਰ ਦੀ ਸੈਰ ਕਰੇਗੀ ਤੇ ਇਸ ‘ਚ ਸ਼ਾਮਲ ਵਿਦਿਆਰਥੀਆਂ ਤੇ ਆਮ ਸ਼ਹਿਰੀਆਂ ਨੂੰ ਰਸਤੇ ‘ਚ ਆਏ ਹਰ ਸਥਾਨ ਦਾ ਮਹੱਤਵ ਦੱਸਿਆ ਜਾਵੇਗਾ।

Leave a Reply

Your email address will not be published. Required fields are marked *