3 ਦਸੰਬਰ ਤੱਕ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ ਕਰਕੇ 7 ਦਸੰਬਰ ਨੂੰ ਅੰਤਿਮ ਵੋਟਰ ਸੂਚੀ ਹੋਵੇਗੀ ਪ੍ਰਕਾਸ਼ਿਤ

ਪਟਿਆਲਾ, 16 ਨਵੰਬਰ:
ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਰਾਜ ਚੋਣ ਕਮਿਸ਼ਨ ਪੰਜਾਬ ਨੇ ਪਟਿਆਲਾ ਨਗਰ ਨਿਗਮ ਸਮੇਤ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਵੋਟਰ ਸੂਚੀਆਂ ਦੀ ਸੁਧਾਈ ਲਈ ਈ.ਆਰ.ਓਜ (ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ) ਤੇ ਏ.ਈ.ਆਰ.ਓਜ ਤਾਇਨਾਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਆਮ ਲੋਕਾਂ ਦੀ ਸਹੂਲਤ ਲਈ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਵਿਖੇ ਵੋਟਰ ਸੂਚੀਆਂ ਸੁਧਾਈ ਲਈ ਮਿਤੀ 20 ਅਤੇ 21 ਨਵੰਬਰ ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਅਤੇ ਪੰਚਾਇਤ ਸਨੌਰ ਲਈ ਐਸ.ਡੀ.ਐਮ ਪਟਿਆਲਾ ਮਨਜੀਤ ਕੌਰ ਨੂੰ ਈ.ਆਰ.ਓ. ਤੇ ਤਹਿਸੀਲਦਾਰ ਪਟਿਆਲਾ ਕੁਲਦੀਪ ਸਿੰਘ ਨੂੰ ਏ.ਈ.ਆਰ.ਓ ਲਗਾਇਆ ਗਿਆ ਹੈ। ਨਗਰ ਕੌਂਸਲ ਰਾਜਪੁਰਾ ਤੇ ਨਗਰ ਪੰਚਾਇਤ ਘਨੌਰ ਲਈ ਈ.ਆਰ.ਓ ਐਸ.ਡੀ.ਐਮ ਰਾਜਪੁਰਾ ਅਵਿਕੇਸ਼ ਗੁਪਤਾ ਤੇ ਰਾਜਪੁਰਾ ਲਈ ਏ.ਈ.ਆਰ.ਓ ਤਹਿਸੀਲਦਾਰ ਰਾਜਪੁਰਾ ਕੇ.ਸੀ. ਦੱਤਾ ਅਤੇ ਘਨੌਰ ਲਈ ਏ.ਈ.ਆਰ.ਓ ਨਾਇਬ ਤਹਿਸੀਲਦਾਰ ਘਨੌਰ ਹਰੀਸ਼ ਕੁਮਾਰ ਨੂੰ ਤਾਇਨਾਤ ਕੀਤਾ ਗਿਆ ਹੈ।
ਨਗਰ ਕੌਂਸਲ ਸਮਾਣਾ ਲਈ ਈ.ਆਰ.ਓ ਐਸ.ਡੀ.ਐਮ. ਸਮਾਣਾ ਤਰਸੇਮ ਕੁਮਾਰ ਤੇ ਏ.ਈ.ਆਰ.ਓ ਨਾਇਬ ਤਹਿਸੀਲਦਾਰ ਰਮਨ ਕੁਮਾਰ, ਇਸੇ ਤਰ੍ਹਾਂ ਨਗਰ ਕੌਂਸਲ ਪਾਤੜਾਂ ਅਤੇ ਨਗਰ ਪੰਚਾਇਤ ਘੱਗਾ ਲਈ ਈ.ਆਰ.ਓ. ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਤੇ ਏ.ਈ.ਆਰ.ਓ. ਤਹਿਸੀਲਦਾਰ ਹਰਸਿਮਰਨ ਸਿੰਘ ਹੋਣਗੇ।
ਜਦੋਂਕਿ ਨਗਰ ਕੌਂਸਲ ਨਾਭਾ ਤੇ ਨਗਰ ਪੰਚਾਇਤ ਭਾਦਸੋਂ ਲਈ ਈ.ਆਰ.ਓ. ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੇ ਸਿੰਘ ਤੇ ਏ.ਈ.ਆਰ.ਓ. ਤਹਿਸੀਲਦਾਰ ਨਾਭਾ ਸੁਖਵਿੰਦਰ ਸਿੰਘ ਟਿਵਾਣਾ ਜਦੋਂ ਕਿ ਨਗਰ ਪੰਚਾਇਤ ਦੇਵੀਗੜ੍ਹ ਲਈ ਈ.ਆਰ.ਓ. ਐਸ.ਡੀ.ਐਮ. ਦੂਧਨ ਸਾਧਾਂ ਕਿਰਪਾਲ ਵੀਰ ਸਿੰਘ ਤੇ ਏ.ਈ.ਆਰ.ਓ ਵਜੋਂ ਬੀ.ਡੀ.ਪੀ.ਓ ਭੁਨਰਹੇੜੀ ਮੋਹਿੰਦਰਜੀਤ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ।
ਇਸੇ ਦੌਰਾਨ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਆਧਾਰ ਮਿਤੀ 1 ਨਵੰਬਰ 2024 ਦੇ ਮੱਦੇਨਜ਼ਰ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਦੇ ਜਾਰੀ ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਦੇ ਡਰਾਫ਼ਟ ਦੀ ਛਪਾਈ 14 ਨਵੰਬਰ ਨੂੰ ਹੋ ਚੁੱਕੀ ਹੈ।
ਏ.ਡੀ.ਸੀ ਨੇ ਦੱਸਿਆ ਕਿ 18 ਤੋਂ 25 ਨਵੰਬਰ ਤੱਕ ਦਾਅਵੇ ਤੇ ਇਤਰਾਜ ਦਿੱਤੇ ਜਾ ਸਕਣਗੇ ਜਿਨ੍ਹਾਂ ਦਾ ਨਿਪਟਾਰਾ 3 ਦਸੰਬਰ ਤੱਕ ਕੀਤਾ ਜਾਣਾ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ 7 ਦਸੰਬਰ ਨੂੰ ਹੋਵੇਗੀ।ਉਨ੍ਹਾਂ ਦੱਸਿਆ ਕਿ ਡਰਾਫ਼ਟ ਪਬਲੀਕੇਸ਼ਨ, ਪ੍ਰਾਪਤ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਕਰਕੇ ਵੋਟਰ ਸੂਚੀਆਂ ਨਿਯਤ ਮਿਤੀ ‘ਤੇ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।

Leave a Reply

Your email address will not be published. Required fields are marked *