ਗੰਭੀਰ ਬਿਮਾਰੀਆਂ ਤੋਂ ਰਾਹਤ ਲੈਣ ਲਈ ਯੋਗਾ ਕਲਾਸਾਂ ਦਾ ਸਹਾਰਾ ਲੈਣ ਲੋਕ-ਡਿਪਟੀ ਕਮਿਸ਼ਨਰ

ਪਟਿਆਲਾ, 6 ਨਵੰਬਰ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗੰਭੀਰ ਬਿਮਾਰੀਆਂ ਤੋਂ ਰਾਹਤ ਲੈਣ ਲਈ ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਅੰਦਰ ਲੱਗ ਰਹੀਆਂ 220 ਯੋਗਾ ਕਲਾਸਾਂ ਦਾ ਲਾਭ ਲੈਣ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅਰੰਭੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨਮਈ ਪ੍ਰੋਜੈਕਟ ਸੀ.ਐਮ. ਦੀ ਯੋਗਸ਼ਾਲਾ ਦਾ ਲਾਭ ਜ਼ਿਲ੍ਹੇ ਦੇ ਲੋਕ ਲਗਾਤਾਰ ਲੈ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜੋਕੀ ਤੇਜ ਰਫ਼ਤਾਰ ਜਿੰਦਗੀ ਕਰਕੇ ਮਨੁੱਖ ਨੂੰ ਕਈ ਅਜਿਹੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਲੱਗ ਰਹੀਆਂ ਹਨ, ਜਿਨ੍ਹਾਂ ਦਾ ਇਲਾਜ ਦਵਾਈਆਂ ਨਹੀਂ ਬਲਕਿ ਯੋਗਾ ਤੇ ਕਸਰਤ ਹੀ ਹੈ, ਇਸ ਲਈ ਯੋਗ ਅਜਿਹੀਆਂ ਬਿਮਾਰੀਆਂ ਤੋਂ ਰਾਹਤ ਪਾਉਣ ਦਾ ਸਾਧਨ ਬਣ ਗਿਆ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਚੱਲ ਰਹੀਆਂ ਸੀ.ਐਮ. ਦੀ ਯੋਗਸ਼ਾਲਾ ਦੀਆਂ ਮੁਫ਼ਤ 220 ਕਲਾਸਾਂ ਵਿੱਚ 38 ਯੋਗਾ ਇੰਸਟ੍ਰਕਟਰਾਂ ਵੱਲੋਂ ਯੋਗਾਤਮਕ ਸੂਖਮ ਅਭਿਆਸ, ਆਸਣ, ਪ੍ਰਾਣਾਯਾਮ ਅਤੇ ਧਿਆਨ ਦੀਆਂ ਕਿਰਿਆਵਾਂ ਸਿਖਾਉਣ ਦਾ 9500 ਦੇ ਕਰੀਬ ਜ਼ਿਲ੍ਹਾ ਨਿਵਾਸੀ ਰੋਜ਼ਾਨਾ ਲਾਭ ਲੈ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਰੋਜ਼ਾਨਾ ਯੋਗਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਲੋਕ ਟੋਲ ਫਰੀ ਨੰਬਰ 76694-00500 ਉਪਰ ਕਾਲ ਕਰ ਸਕਦੇ ਹਨ ਜਾਂ https://cmdiyogshala.punjab.gov.in ‘ਤੇ ਲਾਗਇਨ ਵੀ ਕਰ ਸਕਦੇ ਹਨ।
ਸੀ.ਐਮ. ਯੋਗਸ਼ਾਲਾ ਪਟਿਆਲਾ ਦੇ ਇੰਚਾਰਜ ਭਾਵਨਾ ਭਾਰਤੀ ਨੇ ਦੱਸਿਆ ਕਿ ਇਹ ਯੋਗਾ ਕਲਾਸਾਂ ਪਟਿਆਲਾ ਸ਼ਹਿਰ, ਰਾਜਪੁਰਾ, ਸਮਾਣਾ, ਪਾਤੜਾਂ, ਨਾਭਾ, ਭਾਦਸੋਂ, ਘੱਗਾ ਅਤੇ ਘਨੌਰ ਵਿੱਚ ਵੀ ਚੱਲ ਰਹੀਆਂ ਹਨ।ਇਸੇ ਦੌਰਾਨ ਇਹ ਕਲਾਸਾ ਲਗਾ ਰਹੇ ਲੋਕਾਂ ਦਾ ਕਹਿਣਾ ਹੈ ਕਿ ਯੋਗਾ ਨੇ ਉਨ੍ਹਾਂ ਦੀ ਜੀਵਨ ਸ਼ੈਲੀ ਬਦਲ ਦਿੱਤੀ ਹੈ ਤੇ ਉਨ੍ਹਾਂ ਨੂੰ ਹੁਣ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਜੋੜਾਂ ਦੇ ਦਰਦ, ਸ਼ੂਗਰ, ਥਾਇਰਾਇਡ, ਬਲੱਡ ਪ੍ਰੈਸ਼ਰ ਆਦਿ ਕਈ ਬਿਮਾਰੀਆਂ ਤੋਂ ਰਾਹਤ ਪਾ ਰਹੇ ਹਨ।

Leave a Reply

Your email address will not be published. Required fields are marked *