ਪਟਿਆਲਾ, 1 ਅਕਤੂਬਰ:
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸੀਵਰੇਜ ਪਾਈਪ ਲਾਈਨਾਂ ਪਾਉਣ ਲਈ ਪਟਿਆਲਾ ਦੇ ਵੱਖ ਵੱਖ ਖੇਤਰਾਂ ‘ਚ ਪੁੱਟੀਆਂ ਸੜਕਾਂ ਦੀ ਮੁਰੰਮਤ ਦੇ ਕੰਮ ਦਾ ਜਾਇਜ਼ਾ ਲਿਆ। ਨਗਰ ਨਿਗਮ ਕਮਿਸ਼ਨਰ ਡਾ. ਰਜ਼ਤ ਓਬਰਾਏ ਨਾਲ ਬੈਠਕ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਖੇਤਰਾਂ ਵਿੱਚ ਪਾਈਪ ਲਾਈਨ ਪੈ ਚੁੱਕੀ ਹੈ, ਉਥੇ ਤੁਰੰਤ ਸੜਕਾਂ ਤੇ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਫੁਲਕੀਆਂ ਇਨਕਲੈਵ ਤੋਂ ਤ੍ਰਿਪੜੀ ਤੱਕ, ਮਨਜੀਤ ਨਗਰ, ਫੈਕਟਰੀ ਏਰੀਆ, ਡੀ.ਐਲ.ਐਫ਼ ਤੇ ਅਨੰਦ ਨਗਰ ਦੇ ਖੇਤਰਾਂ ਵਿੱਚ ਸੀਵਰੇਜ ਪਾਈਨ ਲਾਈਨ ਪਾਈ ਗਈ ਸੀ, ਜਿਸ ਕਾਰਨ ਸੜਕਾਂ ਪੁੱਟੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਲਈ 4 ਕਰੋੜ ਰੁਪਏ ਦੇ ਟੈਂਡਰ ਜਾਰੀ ਕਰ ਦਿੱਤੇ ਗਏ ਹਨ ਤੇ ਆਉਣ ਵਾਲੇ ਕੁਝ ਦਿਨਾਂ ਅੰਦਰ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਿਗਮ ਦੀ ਹਦੂਦ ਅੰਦਰ ਪੈਂਦੀਆਂ ਸਾਰੀਆਂ ਸੜਕਾਂ ਜਿਨ੍ਹਾਂ ਨੂੰ ਸੀਵਰੇਜ ਲਾਈਨ ਪਾਉਣ ਕਾਰਨ ਪੁੱਟਿਆ ਗਿਆ ਸੀ, ਉਸ ਦੀ ਲਿਸਟ ਤਿਆਰ ਕੀਤੀ ਜਾਵੇ ਅਤੇ ਕਦੋ ਤੱਕ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ ਇਸ ਨੂੰ ਵੀ ਸਮਾਂਬੱਧ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬਣ ਰਹੀਆਂ ਸੜਕਾਂ ਦੀ ਗੁਣਵਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕਾਂ ਪੁੱਟੀਆਂ ਹੋਣ ਕਾਰਨ ਬੱਚਿਆਂ ਤੇ ਬਜ਼ੁਰਗਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਅਜਿਹੇ ਕੰਮ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਡਾ. ਰਜ਼ਤ ਓਬਰਾਏ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਕਾਰਨ ਸੜਕਾਂ ਬਣਾਉਣ ਦੇ ਕੰਮ ਵਿੱਚ ਦੇਰੀ ਹੋਈ ਹੈ ਤੇ ਹੁਣ ਮੌਸਮ ਸਾਫ਼ ਹੈ ਅਤੇ ਸੜਕਾਂ ਬਣਾਉਣ ਲਈ ਵੀ ਠੀਕ ਹੈ, ਇਸ ਲਈ ਆਉਂਦੇ ਦੋ ਮਹੀਨਿਆਂ ਅੰਦਰ ਪਟਿਆਲਾ ਦੀਆਂ ਸੜਕਾਂ ਦੇ ਮੁਰੰਮਤ ਦੇ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਤੇ ਐਸ.ਈ. ਗੁਰਪ੍ਰੀਤ ਸਿੰਘ ਵਾਲੀਆ ਵੀ ਮੌਜੂਦ ਸਨ।