ਸ਼ੰਭੂ, 24 ਫਰਵਰੀ (ਆਪਣਾ ਪੰਜਾਬੀ ਡੈਸਕ): ਸੰਯੁਕਤ ਕਿਸਾਨ ਮੋਰਚਾ ਨੇ ਆਪਣਾ ਦਿੱਲੀ ਚਲੋ ਮਾਰਚ 29 ਫਰਵਰੀ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਹ ਗੱਲ ਕਿਸਾਨ ਜਥੇਬੰਦੀ ਦੇ ਆਗੂ ਸਰਬਣ ਸਿੰਘ ਪੰਧੇਰ ਨੇ ਖਨੌਰੀ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਦੱਸਿਆ ਕਿ ਅਗਲੀ ਰਣਨੀਤੀ 29 ਫਰਵਰੀ ਨੂੰ ਤੈਅ ਕੀਤੀ ਜਾਵੇਗੀ ਅਤੇ “ਅਸੀਂ ਸਾਰੇ ਦੁਖੀ ਹਾਂ, ਅਸੀਂ ਆਪਣੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਗੁਆ ਦਿੱਤਾ ਹੈ। ਅਸੀਂ ਫੈਸਲਾ ਕੀਤਾ ਹੈ ਕਿ 24 ਫਰਵਰੀ ਨੂੰ ਅਸੀਂ ਕੈਂਡਲ ਮਾਰਚ ਕੱਢਾਂਗੇ।”
ਕਿਸਾਨ ਆਗੂ ਪੰਧੇਰ ਨੇ ਦੱਸਿਆ ਕਿ 26 ਫਰਵਰੀ ਨੂੰ ਡਬਲਯੂ.ਟੀ.ਓ (ਵਿਸ਼ਵ ਵਪਾਰ ਸੰਗਠਨ) ਦੀ ਮੀਟਿੰਗ ਹੈ ਅਤੇ 25 ਫਰਵਰੀ ਨੂੰ ਅਸੀਂ ਸ਼ੰਭੂ ਅਤੇ ਖਨੌਰੀ ਦੋਵਾਂ ਥਾਵਾਂ ‘ਤੇ ਸੈਮੀਨਾਰ ਕਰਾਂਗੇ ਕਿ ਕਿਵੇਂ ਡਬਲਯੂ.ਟੀ.ਓ. ਕਿਸਾਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਕਿਸਾਨ ਆਗੂ ਨੇ ਕਿਹਾ, “ਅਸੀਂ WTO ਦਾ ਪੁਤਲਾ ਸਾੜਾਂਗੇ। WTO ਹੀ ਨਹੀਂ, ਅਸੀਂ ਕਾਰਪੋਰੇਟ ਅਤੇ ਸਰਕਾਰ ਦਾ ਵੀ ਪੁਤਲਾ ਫੂਕਾਂਗੇ।”