ਪਟਿਆਲਾ, 14 ਫਰਵਰੀ:
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਵਿਕਾਸ ਕਾਰਜ ਕਰਵਾ ਰਹੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਸਾਰੇ ਵਿਕਾਸ ਕਾਰਜ ਸਮੇਂ ਸਿਰ ਮੁਕੰਮਲ ਕਰਵਾਏ ਜਾਣੇ ਯਕੀਨੀ ਬਣਾਉਣ ਲਈ ਇਨ੍ਹਾਂ ਕੰਮਾਂ ਦੀ ਖ਼ੁਦ ਨਿਗਰਾਨੀ ਕਰਨ।
ਸ਼ੌਕਤ ਅਹਿਮਦ ਪਰੈ ਨੇ 24 ਘੰਟੇ 7 ਦਿਨ ਨਹਿਰੀ ਪਾਣੀ ਦੀ ਸਪਲਾਈ ਸਕੀਮ, ਸਬ ਡਵੀਜ਼ਨਲ ਕੰਪਲੈਕਸ ਸਮਾਣਾ ਦੀ ਉਸਾਰੀ, ਪਟਿਆਲਾ ਸਬ ਰਜਿਸਟਰਾਰ ਦਫ਼ਤਰ ਦਾ ਨਵੀਨੀਕਰਨ, ਰਿਕਾਰਡ ਰੂਮ, ਦੂਧਨ ਸਾਧਾਂ ਤਹਿਸੀਲ ਕੰਪਲੈਕਸ ਦੀ ਉਸਾਰੀ, ਹੈਲਥ ਅਤੇ ਵੈਲਨੈਸ ਸੈਂਟਰ ਦੀ ਉਸਾਰੀ, 15ਵੇਂ ਵਿੱਤ ਕਮਿਸ਼ਨ ਦੇ ਕੰਮ, 7ਵੇਂ ਪੜਾਅ ਤਹਿਤ 6 ਨਵੇਂ ਆਮ ਆਦਮੀ ਕਲੀਨਿਕਾਂ ਦੀ ਉਸਾਰੀ, ਜ਼ਿਲ੍ਹੇ ਵਿਚਲੇ 10 ਸਕੂਲ ਆਫ਼ ਐਮੀਨੈਸ ਵਿੱਚ ਬੁਨਿਆਦੀ ਢਾਂਚੇ ਦਾ ਕੰਮ, ਸਕੂਲਾਂ ਵਿੱਚ ਵਾਈ-ਫਾਈ, ਫਰਨੀਚਰ, ਚਾਰਦਿਵਾਰੀ ਤੇ ਟੁਆਇਲਟਸ ਦੀ ਉਸਾਰੀ ਸਮੇਤ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ, ਕਲਾਸ ਰੂਮਜ ਦੀ ਉਸਾਰੀ ਤੇ ਨਵੀਨੀਕਰਨ, ਮਗਨਰੇਗਾ ਦੇ ਕੰਮਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਪਿੰਡਾਂ ਵਿੱਚ ਫੇਅਰ ਪ੍ਰਾਈਸ ਸ਼ਾਪਸ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਕਾਰਜਾਂ, ਵਿੱਤੀ ਵਰ੍ਹੇ 2021-22 ਦੀ ਆਡਿਟ ਰਿਪੋਰਟ, ਜਲ ਸਰੋਤ ਵਿਭਾਗ ਦੇ ਚਤਰਨਗਰ ਮਾਇਨਰ ਦੇ ਕੰਮ, ਠੋਸ ਤੇ ਤਰਲ ਕੂੜੇ ਦੇ ਪ੍ਰਬੰਧਨ ਦੇ ਕਾਰਜ ਦੀ ਪ੍ਰਗਤੀ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਾਪਰਟੀ ਟੈਕਸ ਕੁਲੈਕਸ਼ਨ, ਭਾਦਸੋਂ, ਸਨੌਰ, ਦੇਵੀਗੜ੍ਹ, ਘੱਗਾ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ, ਅਮਰੁਤ 2.0 ਸਕੀਮ ਤਹਿਤ ਪ੍ਰਾਜੈਕਟਾਂ ਦੀ ਵੀ ਪ੍ਰਗਤੀ ਰਿਪੋਰਟ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਕਿਸੇ ਵੀ ਕੰਮ ਵਿੱਚ ਦੇਰੀ ਤੇ ਢਿੱਲ ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਸ ਲਈ ਸਮੂਹ ਅਧਿਕਾਰੀ ਸਾਰੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਤਨਦੇਹੀ ਨਾਲ ਕੰਮ ਕਰਨ। ਮੀਟਿੰਗ ‘ਚ ਏ.ਡੀ.ਸੀ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ, ਸਿਵਲ ਸਰਜਨ ਡਾ. ਰਾਮਿੰਦਰ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਲੋਕ ਨਿਰਮਾਣ, ਡਰੇਨੇਜ਼ਠ ਪੰਚਾਇਤੀ ਰਾਜ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।