13ਫਰਵਰੀ (ਆਪਣਾ ਪੰਜਾਬ ਡੈਸਕ):
ਸ਼ੰਭੂ ਬਾਰਡਰ ‘ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਹੈ। ਕੁਝ ਨੌਜਵਾਨਾਂ ਨੇ ਪਹਿਲਾਂ ਬੈਰੀਕੇਡ ਤੋੜਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਦਿੱਲੀ ਦੀਆਂ ਤਿੰਨ ਵੱਡੀਆਂ ਸਰਹੱਦਾਂ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ‘ਤੇ ਲੋਹੇ ਅਤੇ ਕੰਕਰੀਟ ਦੇ ਬੈਰੀਕੇਡ ਲਗਾਏ ਗਏ ਹਨ।
ਉਧਰ, ਦਿੱਲੀ ‘ਚ ਲਾਲ ਕਿਲਾ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਕਿਸਾਨ ਅੰਦੋਲਨ ਕਾਰਨ ਲਿਆ ਦੱਸਿਆ ਗਿਆ ਹੈ। ਦਿੱਲੀ ਦਾ ਲਾਲ ਕਿਲਾ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਨੂੰ ਲੈ ਕੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਰਮਿਆਨ ਇਕ ਸੀਨੀਅਰ ਏ.ਐੱਸ.ਆਈ. ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਕਿਸਾਨਾਂ ਵੱਲੋਂ ਪੁਲਿਸ ਨੂੰ ਵਿਚਾਲੇ ਘੇਰਨ ਦੀ ਤਿਆਰੀ ਜਾਪ ਰਹੀ ਹੈ। ਕਿਸਾਨ ਟਰੈਕਟਰ ਟਰਾਲੀਆਂ ਰਾਹੀਂ ਬਾਰਡਰ ਵੱਲ ਪਹੁੰਚਣ ਲੱਗੇ। ਹਰਿਆਣਾ ਦੇ ਕਿਸਾਨਾਂ ਨੇ ਆਖਿਆ ਹੈ ਕਿ ਉਹ ਬੈਰੀਕੇਡ ਤੋੜਨ ਲਈ ਆਏ ਹਨ ਤੇ ਪੰਜਾਬ ਤੋਂ ਆਏ ਕਿਸਾਨਾਂ ਨੂੰ ਸੁਰੱਖਿਆ ਲਾਂਘਾ ਦਿੱਤਾ ਜਾਵੇਗਾ।
ਇਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਹੁਣ ਹੌਲੀ-ਹੌਲੀ ਕਿਸਾਨ ਹਰਿਆਣਾ-ਪੰਜਾਬ ਬਾਰਡਰ ‘ਤੇ ਪਹੁੰਚਣ ਲੱਗੇ ਹਨ। ਇੱਕ ਪਾਸੇ ਪੰਜਾਬ ਅਤੇ ਦੂਜੇ ਪਾਸੇ ਹਰਿਆਣਾ ਦੇ ਕਿਸਾਨ ਪਹੁੰਚ ਗਏ ਹਨ।