ਪਟਿਆਲਾ, 8 ਫਰਵਰੀ (ਆਪਣਾ ਪੰਜਾਬੀ ਡੈਸਕ):
ਨਗਰ ਨਿਗਮ ਪਟਿਆਲਾ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਦੇ ਨਿਰਦੇਸ਼ਾਂ ਹੇਠ ਵਿਸ਼ੇਸ਼ ਪਲਾਸਟਿਕ ਸਫ਼ਾਈ ਮੁਹਿੰਮ ਨੂੰ ਜਾਰੀ ਰੱਖਦਿਆਂ ਮੜੀਆਂ ਸੜਕ ਤ੍ਰਿਪੜੀ ਵਿਖੇ ਸੈਨੇਟਰੀ ਇੰਸਪੈਕਟਰ ਜਗਤਾਰ ਸਿੰਘ ਦੀ ਨਿਗਰਾਨੀ ਹੇਠ ਸੜਕ ਤੋਂ ਪਲਾਸਟਿਕ ਜਿਵੇਂ ਕਿ ਲਿਫਾਫੇ, ਚਿਪਸ ਪੈਕਟ, ਰੈਪਰ, ਪਲਾਸਟਿਕ ਪੈਕਿੰਗ ਅਤੇ ਹੋਰ ਪਲਾਸਟਿਕ ਨੂੰ ਇਕੱਠਾ ਕਰਕੇ ਫੋਕਲ ਪੁਆਇੰਟ ਐਮ.ਆਰ.ਐਫ ਸੈਂਟਰ ਭੇਜਿਆ ਗਿਆ ਜਿਸ ਦੀ ਦੀ ਮਿਕਦਾਰ ਲਗਭਗ 22 ਕਿਲੋ ਸੀ।
ਇਸ ਮੌਕੇ ਜਗਤਾਰ ਸਿੰਘ ਨੇ ਦੱਸਿਆ ਪਲਾਸਟਿਕ ਕੂੜਾ ਜਿੱਥੇ ਸ਼ਹਿਰ ਦੀ ਦਿੱਖ ਖਰਾਬ ਕਰਦਾ ਹੈ, ਉੱਥੇ ਹੀ ਵਾਤਾਵਰਣ ਉੱਤੇ ਬਹੁਤ ਮਾੜਾ ਪ੍ਰਭਾਵ ਪਾਉਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਬੈਨ ਕਰਨ ਲਈ ਨਗਰ ਨਿਗਮ ਪਟਿਆਲਾ ਵੱਲੋਂ ਇਸ ਤਰ੍ਹਾਂ ਦੇ ਪਲਾਸਟਿਕ ਬਣਾਉਣ, ਸਟੋਰ ਕਰਨ, ਵੇਚਣ ਅਤੇ ਵਰਤਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਮਨਦੀਪ ਸਿੰਘ, ਕਮਿਊਨਿਟੀ ਫੈਸੀਲੀਟੇਟਰ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ।
ਅੱਜ ਨਗਰ ਨਿਗਮ ਵੱਲੋਂ ਯਾਦਵਿੰਦਰਾ ਪਬਲਿਕ ਸਕੂਲ ਵਿਖੇ ਇਸ ਸੰਬੰਧੀ ਜਾਗਰੂਕਤਾ ਸੈਸ਼ਨ ਦਾ ਵੀ ਆਯੋਜਨ ਕੀਤਾ ਗਿਆ। ਆਤਮਾ ਰਾਮ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਵੀ ਸਫ਼ਾਈ ਮੁਹਿੰਮ ਦਾ ਆਗਾਜ਼ ਕਰਦਿਆਂ ਬੱਚਿਆਂ ਨਾਲ ਮਿਲ ਕੇ ਆਪਣੇ ਕੈਂਪਸ ਨੂੰ ਪਲਾਸਟਿਕ ਮੁਕਤ ਕੀਤਾ ਗਿਆ।
ਨਗਰ ਨਿਗਮ ਪਟਿਆਲਾ ਵੱਲੋਂ ਕਮਿਊਨਿਟੀ ਫੈਸੀਲੀਟੇਟਰ ਜਵਾਲਾ ਸਿੰਘ ਨੇ ਦੱਸਿਆ ਕਿ ਹਰੇਕ ਸਕੂਲ ਅਤੇ ਕਾਲਜ ਆਪਣੇ ਪੱਧਰ ਤੇ ਪਲਾਸਟਿਕ ਕੂੜੇ ਤੋਂ ਪਟਿਆਲਾ ਸ਼ਹਿਰ ਮੁਕਤ ਕਰਨ ਲਈ ਸਹਿਯੋਗ ਕਰ ਸਕਦਾ ਹੈ ਆਪਣੇ ਅਦਾਰੇ ਨੂੰ ਸਿੰਗਲ ਯੂਜ਼ ਪਲਾਸਟਿਕ ਮੁਕਤ ਕਰ ਸਕਦਾ ਹੈ ।
ਅਮਨਦੀਪ ਸੇਖੋਂ, ਆ.ਈ.ਸੀ ਐਕਸਪਰਟ ਨੇ ਸ਼ਹਿਰ ਵਾਸੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਦੱਸਿਆ ਕਿ ਜੇਕਰ ਸ਼ਹਿਰ ਦਾ ਹਰ ਨਾਗਰਿਕ ਜੇਕਰ ਪਲਾਸਟਿਕ ਲਿਫ਼ਾਫ਼ੇ ਅਤੇ ਡਿਸਪੋਜ਼ੇਬਲ ਲੈਣ ਤੋਂ ਨਾਂਹ ਕਰ ਦੇਵੇ ਤਾਂ ਸ਼ਹਿਰ ਉੱਤੇ ਪੈਣ ਵਾਲਾ ਕੂੜੇ ਦਾ ਭਾਰ ਬਹੁਤ ਘੱਟ ਜਾਵੇਗਾ।