ਪਟਿਆਲਾ ਜ਼ਿਲ੍ਹੇ ‘ਚ 6 ਫਰਵਰੀ ਤੋਂ ਪਿੰਡ ਤੇ ਵਾਰਡ ਪੱਧਰ ‘ਤੇ ਲੱਗਣਗੇ ਵਿਸ਼ੇਸ਼ ਕੈਂਪ : ਡਿਪਟੀ ਕਮਿਸ਼ਨਰ

ਪਟਿਆਲਾ, 5 ਫਰਵਰੀ (ਆਪਣਾ ਪੰਜਾਬੀ ਡੈਸਕ):

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ 6 ਫਰਵਰੀ ਤੋਂ ਪਿੰਡ ਤੇ ਵਾਰਡ ਪੱਧਰ ‘ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਸ.ਡੀ.ਐਮਜ਼ ਅਤੇ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਜਾਇਜ਼ਾ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਹਰੇਕ ਸਬ ਡਵੀਜ਼ਨ ਵਿੱਚ ਰੋਜ਼ਾਨਾ ਚਾਰ ਕੈਂਪ ਅਤੇ ਜ਼ਿਲ੍ਹੇ ਵਿੱਚ ਰੋਜ਼ਾਨਾ 24 ਕੈਂਪ ਲਗਿਆ ਕਰਨਗੇ। ਇਸ ਨਵੀਂ ਪਹਿਲਕਦਮੀ ਤਹਿਤ ਲੋਕਾਂ ਤੱਕ ਪਹੁੰਚ ਕਰਨ ਲਈ ਜ਼ਿਲ੍ਹੇ ਦੇ ਹਰ ਪਿੰਡ ਅਤੇ ਨਗਰ ਨਿਗਮ ਦੇ ਵਾਰਡਾਂ ਵਿੱਚ ਕੈਂਪ ਲਗਾਏ ਜਾਣਗੇ, ਜਿੱਥੇ ਮੁੱਖ ਤੌਰ ‘ਤੇ ਸਮੱਸਿਆਵਾਂ ਨੂੰ ਮੌਕੇ ‘ਤੇ ਹੱਲ ਕਰਨ ਅਤੇ ਤੁਰੰਤ ਸੇਵਾਵਾਂ ਪ੍ਰਦਾਨ ਕਰਨ ਨੂੰ ਤਰਜ਼ੀਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿਹਾ ਕਿ ਕੈਂਪ ਲਗਾਉਣ ਲਈ ਸਮਾਂ ਸਾਰਣੀ ਤਿਆਰ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 45 ਸੇਵਾਵਾਂ ਤੋਂ ਇਲਾਵਾ ਸਾਂਝ ਕੇਂਦਰ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਵੀ ਲੋਕਾਂ ਨੂੰ ਇਕੋ ਛੱਤ ਥੱਲੇ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਮਾਲ ਵਿਭਾਗ, ਸੇਵਾ ਕੇਂਦਰ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ, ਸਮਾਜਿਕ ਸੁਰੱਖਿਆ ਅਤੇ ਔਰਤਾਂ ਅਤੇ ਬੱਚਿਆਂ ਦਾ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ, ਸਿਹਤ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੀ.ਐਸ.ਪੀ.ਸੀ.ਐਲ., ਪੇਂਡੂ ਵਿਕਾਸ ਅਤੇ ਪੰਚਾਇਤਾਂ, ਪੁਲਿਸ ਅਤੇ ਹੋਰਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਣਗੇ ਜੋ ਮੌਕੇ ‘ਤੇ ਹੀ ਸਮੱਸਿਆਵਾਂ ਦਾ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਕੈਂਪਾਂ ‘ਚ ਨੋਡਲ ਅਫਸਰਾਂ ਅਤੇ ਸਮਰਪਿਤ ਟੀਮ ਦੀ ਨਿਯੁਕਤੀ ਕਰਕੇ ਲੋਕਾਂ ਦੀ ਵੱਧ ਤੋਂ ਵੱਧ ਸੰਤੁਸ਼ਟੀ ਨੂੰ ਯਕੀਨੀ ਬਣਾਉਣ ਲਈ ਹਰ ਮੁੱਦੇ ਜਾਂ ਸ਼ਿਕਾਇਤ ਦਾ ਹੱਲ ਕੀਤਾ ਜਾਵੇਗਾ।
ਮੀਟਿੰਗ ਵਿੱਚ ਐਸ.ਪੀ. ਸਰਫ਼ਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਅਰਵਿੰਦ ਕੁਮਾਰ ਅਤੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਬਬਨਦੀਪ ਸਿੰਘ ਸਬੰਧਤ ਸਰਕਾਰੀ ਵਿਭਾਗਾਂ ਦੇ ਮੁਖੀ ਹਾਜ਼ਰ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

Leave a Reply

Your email address will not be published. Required fields are marked *