-ਵਿਧਾਇਕ ਕੋਹਲੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਕੀਤੀ ਬੱਸ
-ਕਿਹਾ, ਸਰਬੱਤ ਦੇ ਭਲੇ ਲਈ ਅਰਦਾਸ ਕਰਕੇ ਪਟਿਆਲਾ ਸ਼ਹਿਰ ਬਣਿਆ ਸਾਂਝੀਵਾਲਤਾ ਦਾ ਪ੍ਰਤੀਕ
ਪਟਿਆਲਾ, 4 ਜਨਵਰੀ:
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਨੇ ਅੱਜ ਇਸ ਸਕੀਮ ਤਹਿਤ ਪਟਿਆਲਾ ਸ਼ਹਿਰ ਤੋਂ ਤੀਜੀ ਬੱਸ ਰਵਾਨਾ ਕੀਤੀ। ਇਸ ਬੱਸ ਰਾਹੀਂ ਧੋਬੀ ਘਾਟ ਤੇ ਖ਼ਾਲਸਾ ਮੁਹੱਲਾ ਦੀ ਸੰਗਤ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਗਈ ਹੈ।
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਸਾਂਝੀਵਾਲਤਾ ਦਾ ਪ੍ਰਤੀਕ ਸ਼ਹਿਰ ਹੈ ਕਿਉਂਕਿ ਇੱਥੇ ਹਮੇਸ਼ਾ ਸਰਬੱਤ ਦੇ ਭਲੇ ਲਈ ਹੀ ਅਰਦਾਸ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਟਿਆਲਾ ਸ਼ਹਿਰ ਵਿੱਚੋਂ ਹੀ 22 ਬੱਸਾਂ ਦੀ ਮੰਗ ਆ ਚੁੱਕੀ ਹੈ ਅਤੇ ਸੰਗਤ ਵਿੱਚ ਇਸ ਯਾਤਰਾ ਸਕੀਮ ਲਈ ਬਹੁਤ ਉਤਸ਼ਾਹ ਹੈ, ਜਿਸ ਲਈ ਸੰਗਤ ਦੀ ਮੰਗ ਮੁਤਾਬਕ ਹੋਰ ਵੀ ਬੱਸਾਂ ਭੇਜੀਆਂ ਜਾਣਗੀਆਂ।
ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਹ ਧੰਨਵਾਦ ਕਰਦੇ ਹਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ, ਜਿਨ੍ਹਾਂ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਵੱਡੀ ਪੱਧਰ ‘ਤੇ ਲੋਕ ਪੱਖੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵੱਖ-ਵੱਖ ਧਾਰਮਿਕ ਅਸਥਾਨਾਂ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਮਾਤਾ ਵੈਸ਼ਨੂੰ ਦੇਵੀ, ਮਾਤਾ ਜਵਾਲਾਜੀ, ਮਾਤਾ ਚਿੰਤਪੁਰਨੀ ਜੀ, ਮਾਤਾ ਨੈਣਾ ਦੇਵੀ ਜੀ, ਸ੍ਰੀ ਖਾਟੂ ਸ਼ਿਆਮ ਜੀ ਅਤੇ ਸਾਲਾਸਰ ਬਾਲਾਜੀ ਧਾਮ ਜੀ ਦਰਸ਼ਨ ਏ.ਸੀ. ਬੱਸਾਂ ਰਾਹੀਂ ਕਰਵਾਏ ਜਾ ਰਹੇ ਹਨ। ਇਸ ਲਈ ਸ਼ਹਿਰ ਵਾਸੀ ਇਸ ਸਕੀਮ ਦਾ ਜਰੂਰ ਲਾਭ ਲੈਣ। ਇਸ ਮੌਕੇ ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਵੀ ਮੌਜੂਦ ਸਨ।
*********