-ਕਿਹਾ, ਸੜਕਾਂ ‘ਤੇ ਘੁੰਮਦੇ ਬੇਸਹਾਰਾ ਪਸ਼ੂਆਂ ਨੂੰ ਸੰਭਾਲਣ ਲਈ ਜ਼ਿਲ੍ਹਾ ਪ੍ਰਸ਼ਾਸਨ ਤਤਪਰ
ਪਟਿਆਲਾ, 3 ਜਨਵਰੀ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਰਕਾਰੀ ਕੈਟਲ ਪੌਂਡ ਗਾਜੀਪੁਰ ਗਊਸ਼ਾਲਾ ਦਾ ਜਾਇਜ਼ਾ ਲੈਣ ਲਈ ਸਬੰਧਤ ਅਧਿਕਾਰੀਆਂ ਨਾਲ ਬੈਠਕ ਕਰਕੇ ਇਸਦੀ ਸਮਰੱਥਾ ਵਧਾਉਣ ਲਈ ਬਣਾਏ ਜਾ ਰਹੇ ਸ਼ੈਡਾਂ ਤੇ ਹੋਰ ਵਿਕਾਸ ਕਾਰਜਾਂ ‘ਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ਸੜਕਾਂ ‘ਤੇ ਘੁੰਮਦੇ ਬੇਸਹਾਰਾ ਪਸ਼ੂਆਂ ਨੂੰ ਵੱਖ-ਵੱਖ ਗਊਸ਼ਾਲਾਵਾਂ ‘ਚ ਸੰਭਾਲਣ ਲਈ ਜ਼ਿਲ੍ਹਾ ਪ੍ਰਸ਼ਾਸਨ ਤਤਪਰ ਹੈ ਅਤੇ ਜਲਦੀ ਹੀ ਪਟਿਆਲਾ ਸ਼ਹਿਰ ਸਮੇਤ ਜ਼ਿਲ੍ਹੇ ਦੇ ਹੋਰਨਾਂ ਸ਼ਹਿਰਾਂ ‘ਚੋਂ ਇਨ੍ਹਾਂ ਪਸ਼ੂਆਂ ਨੂੰ ਬਿਹਤਰ ਸੰਭਾਲ ਲਈ ਗਊਸ਼ਾਲਾਵਾਂ ‘ਚ ਭੇਜਿਆ ਜਾਵੇਗਾ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਰਕਾਰੀ ਕੈਟਲ ਪੌਂਡ ਗਾਜੀਪੁਰ 20 ਕਿੱਲੇ 19 ਮਰਲੇ ਜਮੀਨ ‘ਚ ਬਣਿਆ ਹੋਇਆ ਹੈ ਅਤੇ ਇੱਥੇ 5 ਸ਼ੈਡਾਂ ‘ਚ 1250 ਪਸ਼ੂ ਪਹਿਲਾਂ ਹੀ ਸੰਭਾਲੇ ਜਾ ਰਹੇ ਹਨ ਅਤੇ ਨਗਰ ਨਿਗਮ ਪਟਿਆਲਾ ਵੱਲੋਂ 3 ਹੋਰ ਸ਼ੈਡਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ, ਜਿੱਥੇ ਕਰੀਬ 750 ਹੋਰ ਪਸ਼ੂਆਂ ਨੂੰ ਰੱਖਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸੜਕਾਂ ‘ਤੇ ਘੁੰਮਦੇ ਇਨ੍ਹਾਂ ਪਸ਼ੂਆਂ ਕਾਰਨ ਵਾਪਰਦੇ ਹਾਦਸੇ ਵੀ ਨਹੀਂ ਹੋਣਗੇ ਤੇ ਇਨ੍ਹਾਂ ਦੀ ਸੰਭਾਲ ਵੀ ਢੰਗ ਨਾਲ ਹੋ ਸਕੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਥੇ ਬਣਾਇਆ ਗਿਆ ਬਾਇਉ ਗੈਸ ਪਲਾਂਟ ਬਹੁਤ ਵਧੀਆ ਕਾਰਗੁਜ਼ਾਰੀ ਦਿਖਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਭਾਰਤ ਸਰਕਾਰ ਦੀ ਕੇਂਦਰੀ ਟੀਮ ਨੇ ਇਸ ਦਾ ਜਾਇਜ਼ਾ ਵੀ ਲਿਆ ਸੀ, ਇਸ ਨੂੰ ਵੈਰੀ ਗੁਡ ਗ੍ਰੇਡਿੰਗ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸਦੇ 100 ਕਿੳਬਿਕ ਮੀਟਰ ਡਾਇਜੈਸਟਰ ਵਾਲੇ ਇਸ ਪਲਾਂਟ ‘ਚ 25 ਕੁਇੰਟਲ ਗੋਬਰ ਨਾਲ 10 ਕਿਲੋਵਾਟ ਪ੍ਰਤੀ ਘੰਟਾ ਬਿਜਲੀ ਪੈਦਾ ਹੋ ਰਹੀ ਹੈ, ਜਿਸ ਨਾਲ ਇਸ ਗਊਸ਼ਾਲਾ ਦੀਆਂ ਬਿਜਲੀ ਲੋੜਾਂ ਪੂਰੀਆਂ ਹੋ ਰਹੀਆਂ ਹਨ, ਤੇ ਇਥੇ ਦਾ ਬਿਜਲੀ ਬਿੱਲ ਕਾਫ਼ੀ ਘਟ ਗਿਆ ਹੈ ਅਤੇ ਹੁਣ ਇਸ ਦੀ ਹੋਰ ਵੀ ਵਧੇਰੇ ਵਰਤੋਂ ਕਰਨ ਲਈ ਤਜਵੀਜ ਬਣਾਈ ਜਾ ਰਹੀ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਬਾਇਉ ਗੈਸ ਪਲਾਂਟ ਵਿਚੋਂ ਹੁਣ ਖਾਦ ਵੀ ਨਿਕਲਣੀ ਸ਼ੁਰੂ ਹੋ ਗਈ ਹੈ, ਜਿਸ ਦੀ ਸਦਵਰਤੋਂ ਲਈ ਵੀ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸਨੂੰ ਕਿਸਾਨ ਵੀ ਜਾਇਜ਼ ਰੇਟਾਂ ‘ਤੇ ਲੈ ਸਕਦੇ ਹਨ। ਮੀਟਿੰਗ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਤਹਿਸੀਲਦਾਰ ਸਮਾਣਾ ਲਾਰਸਨ ਸਿੰਗਲਾ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ, ਪੇਡਾ ਤੋਂ ਹਰਸਿਮਰਨ ਸਿੰਘ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।