6 ਤੋਂ 11 ਜਨਵਰੀ ਤੱਕ ਹੋਣਗੇ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਦੇ ਮੁਕਾਬਲੇ : ਐਸ.ਡੀ.ਐਮ.
ਪਟਿਆਲਾ, 26 ਦਸੰਬਰ:
6 ਤੋਂ 11 ਜਨਵਰੀ ਤੱਕ ਪਟਿਆਲਾ ਵਿਖੇ 67ਵੀਆਂ ਨੈਸ਼ਨਲ ਸਕੂਲ ਖੇਡਾਂ ਅੰਡਰ 19 (ਲੜਕਿਆਂ) ਦੇ ਹੋਣ ਵਾਲੇ ਮੁਕਾਬਲਿਆਂ ਸਬੰਧੀ ਅੱਜ ਐਸ.ਡੀ.ਐਮ. ਪਟਿਆਲਾ ਡਾ. ਇਸਮਤ ਵਿਜੈ ਸਿੰਘ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਿਆਰੀਆਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਡਾ. ਇਸਮਤ ਵਿਜੈ ਸਿੰਘ ਨੇ ਕਿਹਾ ਕਿ ਨੈਸ਼ਨਲ ਸਕੂਲ ਖੇਡਾਂ ਦੇ ਹੋਣ ਵਾਲੇ ਬਾਸਕਟਬਾਲ ਮੁਕਾਬਲਿਆਂ ਵਿੱਚ ਦੇਸ਼ ਭਰ ਤੋਂ 30 ਤੋਂ ਵੱਧ ਟੀਮਾਂ ਹਿੱਸਾ ਲੈਣਗੀਆਂ ਅਤੇ ਟੀਮਾਂ ਦੇ ਰਹਿਣ, ਖਾਣ ਪੀਣ, ਸਿਹਤ ਸੇਵਾਵਾਂ ਦੇਣ ਅਤੇ ਟਰਾਂਸਪੋਰਟ ਲਈ ਪ੍ਰਬੰਧ ਹੁਣੇ ਤੋਂ ਹੀ ਮੁਕੰਮਲ ਕਰ ਲਏ ਜਾਣ।
ਮੀਟਿੰਗ ਦੌਰਾਨ ਡਿਪਟੀ ਡੀ.ਈ.ਓ. ਰਵਿੰਦਰ ਸਿੰਘ ਨੇ ਦੱਸਿਆ ਕਿ ਬਾਸਕਟਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਪਾਸੀ ਰੋਡ ਅਤੇ ਸਰਕਾਰੀ ਮਲਟੀਪਰਪਜ਼ ਹਾਈ ਸਕੂਲ ਪੰਜਾਬੀ ਬਾਗ ਵਿਖੇ ਹੋਣਗੇ ਅਤੇ ਖਿਡਾਰੀਆਂ ਦੀ ਰਿਹਾਇਸ਼ ਫਿਜ਼ੀਕਲ ਕਾਲਜ ਹੋਸਟਲ ਸਮੇਤ ਸਿਵਲ ਲਾਈਨ ਸਕੂਲ ਵਿੱਚ ਕੀਤੀ ਗਈ ਹੈ।
ਮੀਟਿੰਗ ‘ਚ ਸਿਹਤ ਵਿਭਾਗ ਤੋਂ ਡਾ. ਕੁਸ਼ਲਦੀਪ ਕੌਰ, ਖੇਡ ਵਿਭਾਗ ਤੋਂ ਗੁਰਮੀਤ ਸਿੰਘ, ਮੰਡੀ ਬੋਰਡ ਤੋਂ ਅਸ਼ਵਨੀ ਕੁਮਾਰ, ਜਲ ਸਪਲਾਈ ਵਿਭਾਗ ਤੋਂ ਦਰਸ਼ਨ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।