ਬਾਗਬਾਨੀ ਮੰਤਰੀ ਵੱਲੋਂ ਕਿੰਨੂ ਤੋਂ ਇਲਾਵਾ ਨਵੀਂ ਕਿਸਮ ਦੇ ਬਾਗ ਲਗਾਉਣ ਦੀ ਸੰਭਾਵਨਾ ਤਲਾਸ਼ਣ ਦੇ ਹੁਕਮ
ਆਲੂ ਉਤਪਾਦਕਾਂ ਨੂੰ ਬੀਮਾਰੀ ਦੇ ਟਾਕਰੇ ਲਈ ਦਵਾਈ ਪਾਉਣ ਦੀ ਸਲਾਹ
ਚੰਡੀਗੜ੍ਹ, 20 ਦਸੰਬਰ:
ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਸੂਬੇ ਦੇ ਕਿੰਨੂ ਉਤਪਾਦਕਾਂ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੇ ਹੁਕਮ ਦਿੱਤੇ ਹਨ। ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਬਾਗਬਾਨੀ ਵਿਭਾਗ, ਨਹਿਰੀ ਵਿਭਾਗ, ਪੰਜਾਬ ਐਗਰੋ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਕਿੰਨੂ ਉਤਪਾਦਨ ਪੰਜਾਬ ਰਾਜ ਦੇ ਬਾਗਬਾਨੀ ਦਾ ਅਹਿਮ ਹਿੱਸਾ ਹੈ ਅਤੇ ਕਿੰਨੂ ਉਤਪਾਦਕਾਂ ਨੂੰ ਆ ਰਹੀਆਂ ਸਮੱਸਿਆਵਾਂ ਨਾਲ ਤੁਰੰਤ ਨਜਿੱਠਣਾ ਚਾਹੀਦਾ ਹੈ।
ਇਸ ਮੌਕੇ ਉਹਨਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਬਾਗਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਸਤਲੁਜ ਦਰਿਆ ਅਤੇ ਬੁੱਢੇ ਨਾਲੇ ਵਿੱਚ ਪ੍ਰਦੂਸ਼ਿਤ ਪਾਣੀ ਨੂੰ ਰਲਣ ਤੋਂ ਰੋਕਣ ਲਈ ਵੀ ਕਾਰਵਾਈ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਨਹਿਰੀ ਖਾਲਿਆਂ ਦੀ ਫਰਵਰੀ ਮਹੀਨੇ ਤੋਂ ਪਹਿਲਾਂ ਸਫ਼ਾਈ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਮਾਰਚ ਮਹੀਨੇ ਵਿੱਚ ਨਹਿਰੀ ਬੰਦੀ ਨਾ ਕੀਤੀ ਜਾਵੇ ਕਿਉਂਕਿ ਫਰਵਰੀ ਮਹੀਨੇ ਤੋਂ ਬਾਗਾਂ ਨੂੰ ਸਭ ਤੋਂ ਵੱਧ ਪਾਣੀ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਬਾਗਾਂ ਵਿੱਚ ਪਾਣੀ ਦੀ ਸਟੋਰਜ਼ ਲਈ ਬਣਾਈਆਂ ਜਾਣ ਵਾਲੀਆਂ ਡਿੱਗੀਆਂ ਲਈ ਖਣਨ ਵਿਭਾਗ ਤੋਂ ਐਨ.ਓ.ਸੀ. ਦੀ ਸ਼ਰਤ ਨੂੰ ਖਤਮ ਕਰਨ ਬਾਰੇ ਮੰਤਰੀ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਮਹਾਰਾਸ਼ਟਰ ਦੀ ਤਰਜ਼ ‘ਤੇ ਨਰੇਗਾ ਅਧੀਨ ਕੰਮ ਕਰਨ ਵਾਲੇ ਵਰਕਰਾਂ ਦੀਆਂ ਸੇਵਾਵਾਂ ਬਾਗਾਂ ਨੂੰ ਦੇਣ ਲਈ ਪ੍ਰਸਤਾਵ ਤਿਆਰ ਕਰਨ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ।
ਉਹਨਾਂ ਹੁਕਮ ਦਿੱਤਾ ਕਿ ਕਿੰਨੂ ਦੀ ਬੋਲੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਕਿੰਨੂ ਦੀ ਆਮਦ ਅਤੇ ਵਿਕਰੀ ਸਬੰਧੀ ਰਿਕਾਰਡ ਵੀ ਰੱਖਿਆ ਜਾਵੇ।
ਮੀਟਿੰਗ ਦੌਰਾਨ ਉਹਨਾਂ ਅਧਿਕਾਰੀਆਂ ਨੂੰ ਕਿੰਨੂਆਂ ਦੀ ਪਕਾਈ ਨੂੰ ਧਿਆਨ ਵਿੱਚ ਰੱਖਦਿਆਂ ਤੁੜਵਾਈ ਲਈ ਇੱਕ ਮਿਤੀ ਤੈਅ ਕਰਨ ਬਾਰੇ ਪ੍ਰਪੋਜਲ ਤਿਆਰ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਕਿੰਨੂਆਂ ਦੇ ਪਲਾਂਟ 10 ਜਨਵਰੀ ਤੋਂ ਸ਼ੁਰੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮ ਦਿੱਤੇ।
ਮੀਟਿੰਗ ਦੌਰਾਨ ਬਾਗਬਾਨੀ ਮੰਤਰੀ ਵੱਲੋਂ ਕਿੰਨੂ ਬੈਲਟ ਵਿੱਚ ਨਵਾਂ ਵੈਕਸ ਪਲਾਂਟ ਸਥਾਪਤ ਕਰਨ ਦੀ ਸੰਭਾਵਨਾ ਤਲਾਸ਼ਣ ਦੇ ਹੁਕਮ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਕਿੰਨੂ ਤੋਂ ਇਲਾਵਾ ਹੋਰ ਫ਼ਲਾਂ ਦੀ ਬਾਗਬਾਨੀ ਦੀ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣ।
ਬਾਗਬਾਨੀ ਮੰਤਰੀ ਨੇ ਪੰਜਾਬ ਰਾਜ ਦੇ ਆਲੂ ਉਤਪਾਦਕਾਂ ਨੂੰ ਆਲੂ ਦੀ ਫ਼ਸਲ ਨੂੰ ਝੁਲਸ ਰੋਗ ਤੋਂ ਬਚਾਉਣ ਲਈ ਦਵਾਈ ਦਾ ਛਿੜਕਾਅ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਵਿਭਾਗ ਵੱਲੋਂ ਵੱਖ-ਵੱਖ ਸਮੇਂ ‘ਤੇ ਕਾਸ਼ਕਾਰਾਂ ਨੂੰ ਦਿੱਤੀਆਂ ਜਾਂਦੀਆਂ ਸਲਾਹਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ ਤਾਂ ਜੋ ਕਿਸਾਨ ਭਰਾਵਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।