ਸਵੀਪ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਕੀਤਾ ਜਾਵੇ ਜਾਗਰੂਕ : ਦਲਜੀਤ ਸਿੰਘ ਮਾਂਗਟ
-ਨੌਜਵਾਨਾਂ ਨੂੰ ਵੋਟਾਂ ਬਣਾਉਣ ਦੀ ਕੀਤੀ ਅਪੀਲ
ਪਟਿਆਲਾ, 15 ਦਸੰਬਰ:
ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਵਿੱਚ ਤਰਮੀਮ,18 ਸਾਲ ਦੀ ਉਮਰ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣਾ, ਅਕਾਲ ਚਲਾਣਾ ਕਰ ਚੁੱਕੇ ਵੋਟਰਾਂ ਅਤੇ ਤਰਕਪੂਰਨ ਗ਼ਲਤੀਆਂ ਨੂੰ ਵੋਟਰ ਸੂਚੀ ਵਿੱਚੋਂ ਕੱਢਣ ਦੇ ਨਾਲ-ਨਾਲ ਵੋਟਰਾਂ ਨੂੰ ਜਾਗਰੂਕ ਕਰਨ ਸਬੰਧੀ ਚਲਾਈਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਅੱਜ ਪਟਿਆਲਾ ਮੰਡਲ ਦੇ ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਜ਼ਿਲ੍ਹੇ ਦੀਆਂ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਚੋਣ ਅਫ਼ਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।
ਬੈਠਕ ਦੌਰਾਨ ਮੌਜੂਦ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਕਿਹਾ ਕਿ ਜ਼ਰੂਰੀ ਹੈ ਕਿ ਹਰੇਕ ਯੋਗ ਵੋਟਰ, ਵੋਟਰ ਸੂਚੀ ਵਿੱਚ ਸ਼ਾਮਲ ਹੋਵੇ ਅਤੇ ਖਾਸ ਕਰਕੇ ਨਵੇਂ ਵੋਟਰ। ਉਨ੍ਹਾਂ ਕਿਹਾ ਹਰ ਵੋਟਰ ਨੂੰ ਵੋਟਰ ਸੂਚੀ ਦਾ ਹਿੱਸਾ ਬਣਾਉਣ ਲਈ ਹਰ ਪਿੰਡ, ਵਾਰਡ ਅਤੇ ਬੂਥ ਪੱਧਰ ‘ਤੇ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨ੍ਹਾਂ ਨੇ ਸਵੀਪ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਕੇ ਵੋਟਰਾਂ ‘ਚ ਵੋਟਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਹਰੇਕ ਪੋਲਿੰਗ ਸਟੇਸ਼ਨ ਤੇ ਆਪਣੀ ਪਾਰਟੀ ਦੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਲਈ ਵੀ ਕਿਹਾ।
ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਨਵ-ਵਿਆਹੁਤਾ ਕੁੜੀਆਂ ਦੀ ਵੋਟ ਅਪਡੇਟ ਕਰਨ ਤੇ 18 ਸਾਲ ਦੇ ਹੋ ਚੁੱਕੇ ਨੋਜਵਾਨਾਂ ਦੀ ਵੋਟ ਬਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਬਾਹਰ ਪੜ੍ਹਾਈ ਕਰਨ ਕਾਰਨ ਇੱਥੇ ਵੋਟ ਬਣਵਾਉਣ ਲਈ ਨਹੀਂ ਆ ਸਕਦੇ ਉਹ ਆਨਲਾਈਨ ਵਿਧੀ ਰਾਹੀਂ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਬਣਾਉਣ ਵਿਚ ਪਿੱਛੇ ਰਹਿ ਗਏ ਨਾਗਰਿਕਾਂ ਖਾਸ ਕਰਕੇ ਨਵ-ਵਿਆਹੁਤਾ ਲੜਕੀਆਂ, ਦਿਵਿਆਂਗਜਨਾਂ ਤੇ ਤੀਜੇ ਲਿੰਗ ਵਾਲੇ ਨਾਗਰਿਕਾਂ ਦੀਆਂ ਵੋਟਾਂ ਬਣਾਉਣ ਤੋਂ ਇਲਾਵਾ ਨਾਗਰਿਕਾਂ ਨੂੰ ਵੋਟ ਪਾਉਣ ਦੀ ਜਿੰਮੇਵਾਰੀ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਹੋਰ ਤੇਜ਼ ਕੀਤੀਆਂ ਜਾਣ। ਉਹਨਾਂ ਵੋਟਰਾਂ ਨੂੰ ਵੀ ਚੋਣ ਪ੍ਰਕਿਰਿਆ ਨਾਲ ਜੁੜਨ ਲਈ ਵੋਟਰ ਹੈਲਪ ਲਾਈਨ ਐਪ ਨੂੰ ਡਾਊਨਲੋਡ ਕਰਨ ਦੀ ਅਪੀਲ ਕੀਤੀ। ਇਸ ਮੌਕੇ ਚੋਣ ਤਹਿਸੀਲਦਾਰ ਰਾਮਜੀ ਲਾਲ ਸਮੇਤ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਰੀਚੰਦ ਬਾਂਸਲ, ਸ਼ੁਭਵਿੰਦਰ ਸਿੰਘ, ਮੋਹਿੰਦਰ ਸਿੰਘ, ਸੁਰਿੰਦਰਜੀਤ ਸਿੰਘ, ਕਿਸ਼ਨ ਕੁਮਾਰ, ਰਾਮੇਸ਼, ਰਤਿੰਦਰ ਸਿੰਘ, ਰਜਨੀਸ਼ ਸ਼ੌਰੀ, ਮਦਨਜੀਤ ਸਿੰਘ ਤੇ ਲਾਭ ਸਿੰਘ ਹਾਜ਼ਰ ਸਨ।