-ਪ੍ਰਾਇਮਰੀ ਸਕੂਲਾਂ ‘ਚ ਐਜੂਕੇਸ਼ਨ ਪਾਰਕ ਤੇ ਮਿਡ ਡੇ ਮੀਲ ਲਈ ਡਾਇਨਿੰਗ ਹਾਲ ਬਣਾਉਣ ‘ਤੇ ਕੀਤੀ ਚਰਚਾ
-ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਸਕੂਲਾਂ ‘ਚ ਸੁਧਾਰ ਲਈ ਹੋਰ ਤਜਵੀਜਾਂ ਬਣਾਉਣ ਦੀ ਹਦਾਇਤ
ਪਟਿਆਲਾ, 7 ਦਸੰਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਸਮਗਰਾ ਸਿੱਖਿਆ ਦੇ ਸਾਲ 2024-25 ਅਤੇ 2025-26 ਪਲਾਨ ‘ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ‘ਤੇ ਜ਼ਿਲ੍ਹੇ ਦੇ ਸਾਰੇ ਪ੍ਰਾਈਮਰੀ ਸਕੂਲਾਂ ਵਿੱਚ ਐਜੂਕੇਸ਼ਨ ਪਾਰਕ ਅਤੇ 100 ਵਿਦਿਆਰਥੀਆਂ ਤੋਂ ਵੱਧ ਦੀ ਸਮਰੱਥਾ ਵਾਲੇ ਪ੍ਰਾਇਮਰੀ ਸਕੂਲਾਂ ਵਿੱਚ ਮਿਡ ਡੇ ਮੀਲ ਲਈ ਬੱਚਿਆਂ ਦੇ ਖਾਣਾ ਖਾਣ ਵਾਸਤੇ ਸ਼ੈਡ ਅਤੇ ਕੰਕਰੀਟ ਡਾਇਨਿੰਗ ਮੇਜ ਬਣਾਉਣ ਲਈ ਵਿਚਾਰਾਂ ਕੀਤੀਆਂ ਗਈਆਂ।
ਡਿਪਟੀ ਕਮਿਸ਼ਨਰ ਨੇ ਏ.ਡੀ.ਸੀ. ਅਨੁਪ੍ਰਿਤਾ ਜੌਹਲ, ਐਸ.ਡੀ.ਐਮ. ਪਟਿਆਲਾ ਇਸਮਤ ਵਿਜੈ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਿੰਦਰ ਕੌਰ, ਡਿਪਟੀ ਡੀ.ਈ.ਓ. ਐਲੀਮੈਂਟਰੀ ਮਨਵਿੰਦਰ ਕੌਰ ਨਾਲ ਬੈਠਕ ‘ਚ ਹਦਾਇਤ ਕੀਤੀ ਕਿ ਸਾਰੇ ਸਕੂਲਾਂ ਦਾ ਨਿਰੀਖਣ ਕਰਕੇ ਵਿਦਿਆਰਥੀਆਂ ਦੀ ਬਿਹਤਰ ਸਿੱਖਿਆ ਲਈ ਲੋੜੀਂਦੇ ਸਾਰੇ ਬੁਨਿਆਦੀ ਢਾਂਚੇ ਦੀ ਲੋੜ ਬਾਰੇ ਹੋਰ ਤਜਵੀਜਾਂ ਤਿਆਰ ਕੀਤੀਆਂ ਜਾਣ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਖਿਆ ਨੂੰ ਵਿਸ਼ੇਸ਼ ਤਰਜੀਹ ਦਿੱਤੀ ਹੈ, ਜਿਸ ਲਈ ਸਾਲ 2024-25 ਅਤੇ 2025-26 ਲਈ ਸਾਲ 2022-23 ਨੂੰ ਅਧਾਰ ਮੰਨਦੇ ਹੋਏ ਬੁਨਿਆਦੀ ਢਾਂਚੇ ਵਿੱਚਲੇ ਖੱਪੇ ਨੂੰ ਪੂਰਨ ਲਈ ਤਜਵੀਜਾਂ ਬਣਾਈਆਂ ਜਾ ਰਹੀਆਂ ਹਨ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰਪਾਲ ਸਿੰਘ ਤੇ ਡੀ.ਡੀ.ਐਮ. ਅੰਬਰ ਬੰਦੋਪਾਧਿਆ ਵੀ ਮੌਜੂਦ ਸਨ।
ਫੋਟੋ ਕੈਪਸ਼ਨ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਧਿਕਾਰੀਆਂ ਨਾਲ ਬੈਠਕ ਕਰਦੇ ਹੋਏ।