ਪਟਿਆਲਾ, 6 ਦਸੰਬਰ:
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਦਿਵਿਆਂਗਜਨ ਵਿਅਕਤੀਆਂ ਨੂੰ ਅਡਿੱਪ ਸਕੀਮ ਤਹਿਤ ਭਵਿੱਖ ਵਿੱਚ ਨਕਲੀ ਅੰਗ ਅਤੇ ਹੋਰ ਉਪਕਰਨ ਮੁਹੱਈਆ ਕਰਵਾਉਣ ਲਈ 11 ਤੋਂ 15 ਦਸੰਬਰ ਤੱਕ ਅਸੈਸਮੈਂਟ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਸਮਾਣਾ ਵਿਖੇ ਅਸੈਸਮੈਂਟ ਕੈਂਪ 11 ਦਸੰਬਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ। ਇਸੇ ਤਰ੍ਹਾਂ ਨਾਭਾ ਵਿਖੇ 12 ਦਸੰਬਰ, ਪਾਤੜਾਂ ਵਿਖੇ 13 ਦਸੰਬਰ, ਰਾਜਪੁਰਾ ਅਤੇ ਘਨੌਰ ਦਾ ਕੈਂਪ ਰਾਜਪੁਰਾ ਵਿਖੇ 14 ਦਸੰਬਰ ਨੂੰ, ਪਟਿਆਲਾ, ਭੁਨਰਹੇੜੀ ਤੇ ਸਨੌਰ ਖੇਤਰ ਦਾ ਕੈਂਪ ਪਟਿਆਲਾ ਵਿਖੇ 15 ਦਸੰਬਰ ਨੂੰ ਲਗਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਅਡਿੱਪ ਸਕੀਮ ਤਹਿਤ ਅਲਿਮਕੋ ਵੱਲੋਂ ਭਵਿੱਖ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ, ਵੀਲ ਚੇਅਰ, ਕੰਨਾਂ ਦੀਆਂ ਮਸ਼ੀਨਾਂ, ਨੇਤਰਹੀਣਾਂ ਲਈ ਸਟਿੱਕ ਆਦਿ ਉਪਲਬਧ ਕਰਵਾਉਣ ਲਈ ਇਹ ਅਸੈਸਮੈਂਟ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਲੋੜਵੰਦ ਦਿਵਿਆਂਗਜਨਾਂ ਨੂੰ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣਾ ਜ਼ਰੂਰੀ ਹੈ ।