-ਅਵਾਰਾ ਕੁੱਤਿਆਂ ਦੀ ਜਨਮ ਦਰ ‘ਤੇ ਕਾਬੂ ਪਾਉਣ ਲਈ ਏ.ਬੀ.ਸੀ. ਪ੍ਰੋਗਰਾਮ ‘ਚ ਤੇਜੀ ਲਿਆਉਣ ਦੇ ਨਿਰਦੇਸ਼
-ਹਲਕਾਅ ਦੀ ਰੋਕਥਾਮ, ਕੁੱਤਿਆਂ ਦੇ ਕੱਟਣ ਤੋਂ ਬਚਾਅ ਤੇ ਏ.ਬੀ.ਸੀ. ਪ੍ਰੋਗਰਾਮ ਦਾ ਜਾਇਜ਼ਾ
ਪਟਿਆਲਾ, 7 ਦਸੰਬਰ:
ਹਲਕਾਅ ਤੋਂ ਬਚਾਅ ਲਈ ਗਲੀਆਂ ‘ਚ ਘੁੰਮਦੇ ਕੁੱਤਿਆਂ ਨੂੰ ਐਂਟੀਰੈਬੀਜ਼ ਟੀਕੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਕੁੱਤਿਆਂ ਦੀ ਜਨਮ ਦਰ ‘ਤੇ ਕਾਬੂ ਪਾਉਣ ਲਈ ਪਟਿਆਲਾ ਵਿਖੇ ਚਲਾਏ ਜਾ ਰਹੇ ਏ.ਬੀ.ਸੀ. ਪ੍ਰੋਗਰਾਮ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ, ਪਸ਼ੂ ਪਾਲਣ ਵਿਭਾਗ, ਸਿਹਤ ਵਿਭਾਗ ਅਤੇ ਕੰਪੈਸ਼ਨ ਫਾਰ ਐਨੀਮਲ ਵੈਲਫੇਅਰ ਐਸੋਸੀਏਸ਼ਨ ਦੇ ਕੰਪੇਨ ਡਾਇਰੈਕਟਰ ਡਾ. ਪ੍ਰਾਪਤੀ ਬਜਾਜ ‘ਤੇ ਅਧਾਰਤ ਇੱਕ ਟੀਮ ਦਾ ਗਠਨ ਕਰਦਿਆਂ ਸ਼ਹਿਰ ‘ਚ ਕੁੱਤਿਆਂ ਦੀ ਰਿੰਗ ਵੈਕਸੀਨੇਸ਼ਨ ਚਲਾਉਣ ਦੀ ਹਦਾਇਤ ਕੀਤੀ।
ਸਾਕਸ਼ੀ ਸਾਹਨੀ ਨੇ ਨਗਰ ਨਿਗਮ ਸਮੇਤ ਪਟਿਆਲਾ ਜ਼ਿਲ੍ਹੇ ਦੀਆਂ ਬਾਕੀ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਖੇ ਵੀ ਏ.ਬੀ.ਸੀ. ਪ੍ਰੋਗਰਾਮ ਦਾ ਜਾਇਜ਼ਾ ਲਿਆ ਤੇ ਮੋਬਾਇਲ ਸਟਰਲਾਈਜੇਸ਼ਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਆਖਿਆ। ਉਨ੍ਹਾਂ ਨੇ ਸਿਹਤ ਵਿਭਾਗ ਤੋਂ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ ਦੀ ਜਾਣਕਾਰੀ ਹਾਸਲ ਕਰਦਿਆਂ ਆਦੇਸ਼ ਦਿੱਤੇ ਕਿ ਹਰ ਹਸਪਤਾਲ ‘ਚ ਐਂਟੀਰੇਬੀਜ਼ ਟੀਕੇ ਤੇ ਸੀਰਮ ਉਪਲੱਬਧ ਕਰਵਾਏ ਜਾਣੇ ਯਕੀਨੀ ਬਣਾਏ ਜਾਣ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੀ ਜਾਣਕਾਰੀ ਦੇ ਆਧਾਰ ‘ਤੇ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿੱਚ ਅਤੇ ਖਾਸ ਕਰਕੇ ਜਿੱਥੇ ਵੀ ਕੁੱਤਿਆਂ ਦੇ ਕੱਟਣ ਦੇ ਮਾਮਲੇ ਜਿਆਦਾ ਆ ਰਹੇ ਹਨ, ਉਥੇ ਹਲਕਾਅ ਤੋਂ ਬਚਾਅ ਲਈ ਕੁੱਤਿਆਂ ਨੂੰ ਐਂਟੀਰੇਬੀਜ਼ ਟੀਕੇ ਲਗਾਉਣ ਲਈ ਰਿੰਗ ਵੈਕਸੀਨੇਸ਼ਨ ਮੁਹਿੰਮ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੁੱਤਿਆਂ ਦੇ ਕੱਟਣ ਦੀ ਜਾਣਕਾਰੀ ਇਕੱਠੀ ਕਰਨ ਲਈ ਜਲਦੀ ਹੀ ਇੱਕ ਵਟਸਐਪ ਚੈਟਬੋਟ ਤਿਆਰ ਕੀਤਾ ਜਾਵੇਗਾ।
ਗਲੀਆਂ ਵਿੱਚ ਘੁੰਮਦੇ ਕੁੱਤਿਆਂ ਵੱਲੋਂ ਆਮ ਲੋਕਾਂ ਤੇ ਖਾਸ ਕਰਕੇ ਬੱਚਿਆਂ ਨੂੰ ਕੱਟਣ ਦੀਆਂ ਘਟਨਾਵਾਂ ‘ਤੇ ਰੋਕ ਲਗਾਉਣ ਲਈ ਹੋਰ ਲੋੜੀਂਦੇ ਕਦਮ ਉਠਾਉਣ ਦੇ ਨਿਰਦੇਸ਼ ਦਿੰਦਿਆਂ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਵਿੱਚ ਕੋਈ ਅਣਗਹਿਲੀ ਨਾ ਕੀਤੀ ਜਾਵੇ। ਉਨ੍ਹਾਂ ਨਗਰ ਨਿਗਮ ਵਿਖੇ ਏ.ਬੀ.ਸੀ. ਪ੍ਰੋਗਰਾਮ ਚਲਾ ਰਹੀ ਸੰਸਥਾ ਕਾਵਾ ਦੇ ਡਾ. ਪ੍ਰਾਪਤੀ ਬਜਾਜ ਤੋਂ ਇਸ ਮੁਹਿੰਮ ਬਾਰੇ ਮੁਕੰਮਲ ਜਾਣਕਾਰੀ ਹਾਸਲ ਕਰਦਿਆਂ ਇਸ ਨੂੰ ਹੋਰ ਤੇਜ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਹਲਕੇ ਕੁੱਤਿਆਂ ਦੀ ਪਛਾਣ, ਟੈਸਟਿੰਗ, ਹਲਕੇ ਕੁੱਤੇ ਨੂੰ ਇਕੱਲੇ ਕਰਨ ਤੇ ਮੌਤ ਹੋਣ ‘ਤੇ ਉਸਦੇ ਮ੍ਰਿਤਕ ਸਰੀਰ ਦਾ ਨਿਪਟਾਰਾ ਆਦਿ ਦਾ ਵੀ ਜਾਇਜ਼ਾ ਲਿਆ।
ਇਸ ਮੀਟਿੰਗ ‘ਚ ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਸਹਾਇਕ ਕਮਿਸ਼ਨਰ (ਜ) ਰਵਿੰਦਰ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ ਜੀ.ਡੀ ਸਿੰਘ, ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਸੁਮੀਤ ਸਿੰਘ, ਨਗਰ ਨਿਗਮ ਦੇ ਸਕੱਤਰ ਸੁਨੀਲ ਮਹਿਤਾ, ਸੈਨੇਟਰੀ ਇੰਸਪੈਕਟਰ ਰਿਸ਼ਭ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।