ਇੱਥੇ ਵਾਣੀ ਸਕੂਲ ਫਾਰ ਹੀਅਰਿੰਗ ਇੰਪੇਅਰਡ ਵਿਖੇ ਕਰਵਾਏ ਸਮਾਗਮ ਮੌਕੇ ਇਸ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਦੋਵਾਂ ਡਾ. ਬਲਬੀਰ ਸਿੰਘ ਅਤੇ ਹਰਜੋਤ ਸਿੰਘ ਬੈਂਸ ਨੇ ਆਖਿਆ ਕਿ ਇਸ ਸਮਝੌਤੇ ਨਾਲ ਅੰਡਰ ਗ੍ਰੈਜੂਏਟ ਕੋਰਸਾਂ ਦੇ ਇਤਿਹਾਨ ਲਈ 21 ਤਰ੍ਹਾਂ ਦੀਆਂ ਡਿਸਐਬਿਲਟੀਜ਼ ਵਿੱਚੋਂ 9 ਤਰ੍ਹਾਂ ਦੇ ਦਿਵਿਆਂਗ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਰਾਹੀਂ ਅੰਡਰ ਗ੍ਰੈਜੂਏਟ ਕੋਰਸ ਕਰ ਸਕਣਗੇ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬਲਬ ਦੀ ਖੋਜ ਕਰਨ ਵਾਲੇ ਐਡੀਸਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਿਸੇ ਨਾ ਕਿਸੇ ਵਿਸ਼ੇਸ਼ ਸਮਰੱਥਾ ਦੇ ਮਾਲਕ ਹੁੰਦੇ ਹਨ, ਅਤੇ ਇਹ ਬੱਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਿਤਵੇ ਰੰਗਲਾ ਪੰਜਾਬ ਦੇ ਵਿਸ਼ੇਸ਼ ਫੁੱਲ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਜਿਹੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਉਨ੍ਹਾਂ ਨੂੰ ਅੱਗੇ ਲਿਆ ਰਹੀ ਹੈ ਅਤੇ ਪਟਿਆਲਾ ਦਾ ਵਾਣੀ ਸਕੂਲ ਇਸੇ ਤਰਜ ‘ਤੇ ਕੰਮ ਰਿਹਾ ਹੈ। ਉਨ੍ਹਾਂ ਵਾਣੀ ਸਕੂਲ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਉਚੇਰੀ ਸਿੱਖਿਆ ਲਈ ਵਿਸ਼ੇਸ਼ ਸੈਂਟਰ ਸਥਾਪਤ ਕਰੇਗੀ। ਸਿੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਲੋਕ ਸਭ ਕੁਝ ਹੁੰਦੇ ਹੋਏ ਵੀ ਕਿਸੇ ਨਾ ਕਿਸੇ ਪ੍ਰੇਸ਼ਾਨੀ ਤੋਂ ਪੀੜਤ ਹਨ ਪਰੰਤੂ ਇਨ੍ਹਾਂ ਬੱਚਿਆਂ ਦੇ ਚਿਹਰੇ ਖੁਸ਼ੀ ਨਾਲ ਖਿੜ੍ਹੇ ਹੋਏ ਹਨ, ਸਾਨੂੰ ਇਨ੍ਹਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।