– ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਲਈ ਸੜ੍ਹਕਾਂ ‘ਤੇ ਪੱਟੀ ਲਗਾਉਣ ਦਾ ਕੰਮ ਤੁਰੰਤ ਮੁਕੰਮਲ ਕੀਤਾ ਜਾਵੇ : ਡਿਪਟੀ ਕਮਿਸ਼ਨਰ
-ਭਾਰੀ ਵਾਹਨਾਂ ਦੇ ਪਿੱਛੇ ਅਤੇ ਅਵਾਰਾ ਪਸ਼ੂਆਂ ਦੇ ਗਲਾਂ ‘ਚ ਰਿਫਲੈਕਟਰ ਟੇਪਾਂ ਲਾਉਣ ਦੇ ਆਦੇਸ਼
ਪਟਿਆਲਾ, 24 ਨਵੰਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਰਦੀਆਂ ਦੇ ਮੌਸਮ ਵਿੱਚ ਸੜਕਾਂ ‘ਤੇ ਸੁਰੱਖਿਆ ਪੱਟੀ ਬਣਾਉਣ ਦਾ ਕੰਮ ਸਬੰਧਤ ਵਿਭਾਗਾਂ ਨੂੰ ਤੁਰੰਤ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਲਈ ਸੜਕਾਂ ‘ਤੇ ਪੱਟੀ ਲਗਾਉਣ ਦਾ ਕੰਮ ਭਾਵੇਂ ਜ਼ਿਲ੍ਹੇ ਵਿੱਚ ਪੂਰਾ ਹੋ ਚੁੱਕਾ ਹੈ ਪਰ ਫੇਰ ਵੀ ਇੱਕ ਵਾਰ ਦੁਬਾਰਾ ਸਾਰੀਆਂ ਸੜਕਾਂ ਦੀ ਜਾਂਚ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਧੁੰਦ ਵਿੱਚ ਵਾਹਨ ਚਾਲਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੁਰੱਖਿਅਤ ਆਵਾਜਾਈ ਲਈ ਟ੍ਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਕੀਤਾ ਜਾਵੇ। ਉਨ੍ਹਾਂ ਨੇ ਜ਼ਿਲ੍ਹੇ ਦੀਆਂ ਸੜ੍ਹਕਾਂ ਉਪਰ ਵਧੇਰੇ ਹਾਦਸਿਆਂ ਵਾਲੇ ਪਛਾਣ ਕੀਤੇ ਬਲੈਕ ਸਪਾਟਸ ਉੱਤੇ ਵਾਪਰਦੇ ਹਾਦਸੇ ਘਟਾਉਣ ਲਈ ਸਬੰਧਤ ਵਿਭਾਗਾਂ ਵੱਲੋਂ ਕੀਤੀ ਗਈ ਕਾਰਵਾਈ ਦੀ ਰਿਪੋਰਟ ਪ੍ਰਾਪਤ ਕਰਦਿਆਂ ਕਿਹਾ ਕਿ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
ਸਾਕਸ਼ੀ ਸਾਹਨੀ ਨੇ ਮੀਟਿੰਗ ‘ਚ ਮੌਜੂਦ ਏ.ਡੀ.ਸੀ. ਅਨੁਪ੍ਰੀਤਾ ਜੌਹਲ, ਸਹਾਇਕ ਕਮਿਸ਼ਨਰ ਰਵਿੰਦਰ ਸਿੰਘ, ਟ੍ਰੈਫਿਕ ਇੰਚਾਰਜ, ਪਟਿਆਲਾ ਫਾਊਂਡੇਸ਼ਨ ਦੇ ਨੁਮਾਇੰਦੇ ਸਮੇਤ ਲੋਕ ਨਿਰਮਾਣ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਠੰਢ ਦੇ ਮੌਸਮ ‘ਚ ਧੁੰਦ ਕਾਰਨ ਵਾਪਰਦੇ ਹਾਸਦੇ ਰੋਕਣ ਲਈ ਭਾਰੀ ਵਾਹਨਾਂ, ਖਾਸ ਕਰਕੇ ਟਰੱਕ, ਟਰਾਲੀਆਂ ਆਦਿ ਦੇ ਪਿਛਲੇ ਪਾਸੇ ਰੇਡੀਅਮ ਰਿਫਲੈਕਟਰ ਲਗਾਏ ਜਾਣ। ਇਸ ਤੋਂ ਬਿਨ੍ਹਾਂ ਅਵਾਰਾ ਪਸ਼ੂਆਂ ਦੇ ਗਲਾਂ ਵਿੱਚ ਰਿਫਲੈਕਟਰ ਟੇਪਾਂ ਵਾਲੇ ਪਟੇ ਪਾਏ ਜਾਣੇ ਯਕੀਨੀ ਬਣਾਏ ਜਾਣਉਂ
ਕੈਪਸ਼ਨ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੜ੍ਹਕ ਸੁਰੱਖਿਆ ਬਾਬਤ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।